ਨਗਰ ਕੌਂਸਲ ਨਾਭਾ ਵਿਖੇ ਜ਼ਬਰਦਸਤ ਹੰਗਾਮਾ, ਈ. ਓ. ਦਾ ਦਫ਼ਤਰ ਘੇਰਿਆ
ਨਾਭਾ, 6 ਅਗਸਤ : ਅੱਜ ਨਗਰ ਕੌਂਸਲ ਨਾਭਾ ਵਿਖੇ ਜ਼ਬਰਦਸਤ ਹੰਗਾਮਾ ਹੋਇਆ। ਵਾਰਡ ਨੰਬਰ 2 ਦੇ ਨਿਵਾਸੀਆਂ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਆਪਣੇ ਵਾਰਡ ਦੇ ਕੌਂਸਲਰ ਨਾਲ ਈ. ਓ. ਨਾਭਾ ਦਾ ਦਫ਼ਤਰ ਘੇਰ ਲਿਆ। ਵਾਰਡ ਨਿਵਾਸੀ ਹੱਥਾਂ ’ਚ ਕੂੜਾ-ਕਰਕਟ ਲੈ ਕੇ ਨਗਰ ਕੌਂਸਲ ਨੂੰ ਗਿਫਟ ਦੇਣ ਲਈ ਪਹੁੰਚੇ।
ਇਸ ਮੌਕੇ ਲੋਕਾਂ ਨੇ ਕਾਰਜਸਾਧਕ ਅਫਸਰ ਦਾ ਦਫ਼ਤਰ ਘੇਰ ਲਿਆ ਤੇ ਧੱਕੇ ਨਾਲ ਅੰਦਰ ਜਾ ਵੜੇ। ਅਸਲ ’ਚ ਇਹ ਮਾਮਲਾ ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਦੇ ਵਾਰਡ ਨੰਬਰ 2 ਦਾ ਦੱਸਿਆ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਅਤੇ ਸਾਬਕਾ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਵਿਚਕਾਰ ਸ਼ਬਦੀ ਜੰਗ ਚੱਲ ਰਹੀ ਹੈ। ਇਹ ਆਪਸੀ ਜੰਗ ਹੁਣ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ।
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਵਾਰਡ ਨੰਬਰ 2 ਦੇ ਕੌਂਸਲਰ ਗੁਰਸੇਵਕ ਸਿੰਘ ਗੋਲੂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਨਾਭਾ ਵਿਚਲੇ ਸ਼ਹਿਰ ਦੇ ਕਈ ਮੁੱਦਿਆਂ ਨੂੰ ਚੁੱਕਿਆ ਹੈ, ਜਿਸ ’ਚ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਰਿਆਸਤੀ ਕਿਲ੍ਹੇ ’ਚ ਗੰਦਗੀ ਸੁੱਟਣ ਦਾ ਅਹਿਮ ਮਸਲਾ ਸ਼ਾਮਲ ਹੈ। ਇਸ ਕਰ ਕੇ ਸਾਡੇ ਨਾਲ ਨਗਰ ਕੌਂਸਲ ਵੱਲੋਂ ਰੰਜ਼ਿਸ਼ ਰੱਖੀ ਜਾ ਰਹੀ ਹੈ।
ਵਾਰਡ ਦੇ ਨਿਵਾਸੀਆਂ ਨੇ ਬੀਤੀ ਸ਼ਾਮ ਨਗਰ ਕੌਂਸਲ ਨਾਭਾ ਦੇ ਈ. ਓ. ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਤੁਰੰਤ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਉਨ੍ਹਾਂ ਦੇ ਵਾਰਡ ’ਚ ਨਾ ਭੇਜੀਆਂ ਤਾਂ ਉਹ ਕੂੜਾ ਨਗਰ ਕੌਂਸਲ ਲੈ ਕੇ ਪਹੁੰਚਣਗੇ। ਕੂੜਾ ਚੁੱਕਣ ਵਾਲੀਆਂ ਗੱਡੀਆਂ ਨਾ ਸ਼ੁਰੂ ਕਰਨ ਕਰ ਕੇ ਅੱਜ ਵਾਰਡ ਵਾਸੀ ਕੂੜਾ ਲੈ ਕੇ ਨਗਰ ਕੌਂਸਲ ਪਹੁੰਚ ਗਏ, ਜਿਸ ਤੋਂ ਬਾਅਦ ਜ਼ਬਰਦਸਤ ਨਾਅਰੇਬਾਜ਼ੀ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਕੂੜਾ ਚੁੱਕਣ ਵਾਲੀਆਂ ਗੱਡੀਆਂ ਚਾਲੂ ਨਾ ਕੀਤੀਆਂ ਤਾਂ ਸਮੂਹ ਵਾਰਡ ਨੰਬਰ 2 ਦੇ ਵਾਸੀ ਗਰਿੱਡ ਚੌਕ ’ਚ ਅਣਮਿੱਥੇ ਸਮੇਂ ਲਈ ਧਰਨਾ ਲਾਉਣਗੇ।
ਦੂਜੇ ਪਾਸੇ ਕਾਰਜਸਾਧਕ ਅਫਸਰ ਨੇ ਵਾਰਡ ਵਾਸੀਆਂ ਨੂੰ ਦੱਸਿਆ ਕਿ ਸਾਡੀਆਂ ਕੁਝ ਗੱਡੀਆਂ ਖਰਾਬ ਹਨ। ਇਸ ਕਰ ਕੇ ਇਹ ਦਿੱਕਤ ਆਈ ਹੈ। ਜਦੋਂ ਵਾਰਡ ਵਾਸੀਆਂ ਨੇ ਕਿਹਾ ਕਿ ਸਿਰਫ ਸਾਡੇ ਵਾਰਡ ਨੰਬਰ 2 ’ਚ ਆਉਣ ਵਾਲੀਆਂ ਗੱਡੀਆਂ ਖਰਾਬ ਹੋਈਆਂ ਹਨ ਤਾਂ ਈ. ਓ. ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਹੁਣ ਦੇਖਣਾ ਇਹ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਅਤੇ ਸਾਬਕਾ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਵਿਚਕਾਰ ਛਿੜੀ ਇਹ ਜੰਗ ਕਿਥੇ ਤੱਕ ਜਾਵੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Read More : ਪੀ. ਯੂ. ਕੈਂਪਸ ਦੇ 15 ਹੋਸਟਲਾਂ ’ਚ ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼ ਚੁੱਕੀ ਸਹੁੰ