ਭੌਤਿਕ ਵਿਗਿਆਨ ਦਾ ਖੋਜ ਪੱਤਰ ਅਮਰੀਕਾ ’ਚ ਹੋ ਰਹੀ ਡੈਨਵਰ ਐਕਸ-ਰੇਅ ਕਾਨਫ਼ਰੰਸ ਲਈ ਹੋਇਆ ਸਵੀਕਾਰ
ਪਟਿਆਲਾ, 31 ਜੁਲਾਈ : ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਡਾ. ਸੰਜੀਵ ਪੁਰੀ ਅਤੇ ਉਨ੍ਹਾਂ ਦੇ ਪੀ-ਐੱਚ. ਡੀ. ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਲਿਖਿਆ ਗਿਆ ਇਕ ਖੋਜ ਪੇਪਰ ਅਮਰੀਕਾ ’ਚ ਹੋ ਰਹੀ ਡੈਨਵਰ ਐਕਸ-ਰੇਅ ਕਾਨਫ਼ਰੰਸ ਵਿਚ ਪੇਸ਼ਕਾਰੀ ਲਈ ਚੁਣਿਆ ਗਿਆ ਹੈ। ਇਹ ਕਾਨਫ਼ਰੰਸ 4-8 ਅਗਸਤ, 2025 ਨੂੰ ਅਮਰੀਕਾ ਦੇ ਮੈਰੀਲੈਂਡ ’ਚ ਰੌਕਵਿਲ ਵਿਖੇ ਹੋ ਰਹੀ ਹੈ।
ਪ੍ਰੋਫ਼ੈਸਰ ਸੰਜੀਵ ਪੁਰੀ, ਜੋ ਵਰਤਮਾਨ ਸਮੇਂ ਯੂਨੀਵਰਸਿਟੀ ਦੇ ਰਜਿਸਟਰਾਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ, ਨੇ ਦੱਸਿਆ ਕਿ ਇਹ ਖੋਜ-ਪੱਤਰ ਸਿੰਕ੍ਰੋਟਰੋਨ ਰੇਡੀਏਸ਼ਨ ਦੀ ਵਰਤੋਂ ਕਰ ਕੇ ਭਾਰੀ ਤੱਤਾਂ ’ਚ ਐਕਸ-ਰੇਅ ਨਿਕਾਸ ਨਾਲ਼ ਸਬੰਧਤ ਮੁੱਢਲੇ ਪਰਮਾਣੂ ਪੈਰਾਮੀਟਰਾਂ ਦੀ ਪ੍ਰਯੋਗਾਤਮਕ ਜਾਂਚ ’ਤੇ ਕੇਂਦਰਿਤ ਹੈ, ਜੋ ਕਿ ਐਕਸ-ਰੇਅ ਵਿਗਿਆਨ ਦੇ ਖੇਤਰ ’ਚ ਅਤਿ-ਆਧੁਨਿਕ ਪ੍ਰਗਤੀ ਨੂੰ ਉਜਾਗਰ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਵੀ ਖੁਸ਼ੀ ਅਤੇ ਮਾਣ ਵਾਲ਼ੀ ਗੱਲ ਹੈ ਕਿ ਇਸ ਪ੍ਰਸਿੱਧ ਅਤੇ ਵੱਕਾਰੀ ਅੰਤਰਰਾਸ਼ਟਰੀ ਕਾਨਫ਼ਰੰਸ ’ਚ ਭਾਗੀਦਾਰੀ ਅਤੇ ਪੇਪਰ ਪੇਸ਼ਕਾਰੀ ਲਈ ਖੋਜਾਰਥੀ ਹਰਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਸਕੀਮ ਅਧੀਨ ਫੰਡਿੰਗ ਵੀ ਕੀਤੀ ਜਾ ਰਹੀ ਹੈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਡਾ. ਪੁਰੀ ਅਤੇ ਉਨ੍ਹਾਂ ਦੇ ਖੋਜਾਰਥੀ ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵੱਕਾਰੀ ਕਾਨਫ਼ਰੰਸ ’ਚ ਕੀਤੀ ਜਾ ਰਹੀ ਇਹ ਭਾਗੀਦਾਰੀ ਜਿੱਥੇ ਇਕ ਪਾਸੇ ਪੰਜਾਬੀ ਯੂਨੀਵਰਸਿਟੀ ਵਿੱਚ ਕੀਤੀ ਜਾ ਰਹੀ ਖੋਜ ਦੀ ਵਿਸ਼ਵ ਪੱਧਰੀ ਪ੍ਰਸੰਗਿਕਤਾ ਅਤੇ ਉੱਚ ਗੁਣਵੱਤਾ ਨੂੰ ਦਰਸਾਉਂਦੀ ਹੈ, ਉੱਥੇ ਹੀ ਸੰਸਥਾ ਵਿੱਚ ਅਕਾਦਮਿਕ ਮਾਹੌਲ ਦੀ ਹੋਰ ਬਿਹਤਰੀ ਲਈ ਵੀ ਪ੍ਰੇਰਦੀ ਹੈ।
Read More : ਬੱਕਰੀਆਂ ਚਾਰਨ ਵਾਲੇ ਨੌਜਵਾਨ ਨੇ ਪਾਸ ਕੀਤੀ ਯੂਜੀਸੀ ਨੈੱਟ ਪ੍ਰੀਖਿਆ