ਫਸਲ ਕਟਾਈ ਤਜਰਬਿਆਂ ’ਚ ਸਾਹਮਣੇ ਆਇਆ
8 ਕੁਇੰਟਲ ਪ੍ਰਤੀ ਹੈਕਟੇਅਰ ਦਾ ਨੁਕਸਾਨ
ਗੁਰਦਾਸਪੁਰ, 9 ਨਵੰਬਰ :-ਇਸ ਸਾਲ ਮਾਨਸੂਨ ਸੀਜ਼ਨ ਵਿਚ ਪਏ ਮੀਂਹ ਨੇ ਜਿਥੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਸਨ ਉਥੇ ਝੋਨੇ ਦੀ ਪੈਦਾਵਾਰ ਵਿਚ ਵੀ ਵੱਡੇ ਪੱਧਰ ’ਤੇ ਤਬਦੀਲੀ ਆਈ ਹੈ। ਇਨ੍ਹਾਂ ਮੀਂਹਾਂ ਸਮੇਤ ਹੋਰ ਅਨੇਕਾਂ ਕਾਰਨਾਂ ਸਦਕਾ ਇਸ ਵਾਰ ਝੋਨੇ ਦੀ ਅੌਸਤਨ ਪੈਦਾਵਾਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ।
ਖੇਤੀਬਾੜੀ ਵਿਭਾਗ ਵੱਲੋਂ ਸੂਬੇ ਵਿਚ ਕੀਤੇ ਗਏ ਫਸਲ ਕਟਾਈ ਪ੍ਰਯੋਗਾਂ ਦੇ ਪ੍ਰਾਰੰਭਿਕ ਨਤੀਜੇ ਇਸ ਵਾਰ ਝੋਨੇ ਦੀ ਪੈਦਾਵਾਰ ਵਿਚ ਕਮੀ ਦਰਸਾ ਰਹੇ ਹਨ। ਦੂਜੇ ਪਾਸੇ ਹੁਣ ਤੱਕ ਮੰਡੀਆਂ ਆਈ ਫਸਲ ਦੀ ਆਮਦ 3 ਨਵੰਬਰ ਨੂੰ ਹੀ 131 ਲੱਖ ਮੀਟ੍ਰਿਕ ਟਨ ਤੋਂ ਪਾਰ ਕਰ ਗਈ ਹੈ ਜੋ ਪਿਛਲੇ ਤਿੰਨ ਸਾਲਾਂ ਵਿਚ ਸਭ ਤੋਂ ਵੱਧ ਹੈ।
ਫਸਲ ਕਟਾਈ ਤਜਰਬਿਆਂ ਦੇ ਹੁਣ ਤੱਕ ਦੇ ਨਤੀਜਿਆਂ ਅਨੁਸਾਰ ਪ੍ਰਤੀ ਹੈਕਟੇਅਰ ਔਸਤ ਪੈਦਾਵਾਰ 58 ਕੁਇੰਟਲ ਦਰਜ ਕੀਤੀ ਗਈ ਹੈ, ਜਦਕਿ ਪਿਛਲੇ ਸਾਲ ਇਹ ਅੰਕੜਾ 66 ਕਿੰਟਲ ਪ੍ਰਤੀ ਹੈਕਟੇਅਰ ਸੀ। ਇਸ ਤਰ੍ਹਾਂ ਪ੍ਰਤੀ ਹੈਕਟੇਅਰ ਲਗਭਗ 8 ਕੁਇੰਟਲ ਪ੍ਰਤੀ ਹੈਕਟੇਅਰ ਜਾਂ ਤਕਰੀਬਨ 3.23 ਕੁਇੰਟਲ ਪ੍ਰਤੀ ਏਕੜ ਦੀ ਕਮੀ ਦਰਜ ਕੀਤੀ ਗਈ ਹੈ।
ਇਕੱਤਰ ਵੇਰਵਿਆਂ ਅਨੁਸਾਰ ਅਕਤੂਬਰ ਮਹੀਨੇ ਦੌਰਾਨ ਲਗਾਤਾਰ ਹੋਈ ਵਰਖਾ ਅਤੇ ਅਗਸਤ-ਸਤੰਬਰ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਕਈ ਥਾਈਂ ਫਾਲਸ ਸਮੱਟ (ਹਲਦੀ ਰੋਗ ਨੇ ਵੀ ਫਸਲ ਖਰਾਬ ਕੀਤੀ ਸੀ।
ਖੇਤੀ ਮਾਹਿਰਾਂ ਅਨੁਸਾਰ ਇਸ ਸਾਲ ਮੀਂਹ ਝੋਨੇ ਦੇ ਫੁੱਲ ਆਉਣ ਸਮੇਂ, ਦਾਣੇ ਭਰਨ ਦੇ ਸਮੇਂ ਅਤੇ ਫਿਰ ਕਟਾਈ ਦੌਰਾਨ ਹੋਈ ਸੀ ਜੋ ਕਿ ਫਸਲ ਦੀ ਪੈਦਾਵਾਰ ਦੇ ਮਾਮਲੇ ਵਿਚ ਬਹੁਤ ਨਾਜੁਕ ਸਮਾ ਹੁੰਦਾ ਹੈ। ਸਤੰਬਰ ਦੇ ਅੰਤ ਵਿਚ ਵਧੇ ਤਾਪਮਾਨ ਨੇ ਵੀ ਫਸਲ ਦਾ ਨੁਕਸਾਨ ਹੋਰ ਵਧਾ ਦਿੱਤਾ ਸੀ। ਜਿਸ ਕਾਰਨ ਮੁਢਲੇ ਤਜਰਬਿਆਂ ਵਿਚ ਪੈਦਾਵਾਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ।
ਦੂਜੇ ਪਾਸੇ ਬੇਸ਼ੱਕ ਪੈਦਾਵਾਰ ਘੱਟ ਰਹੀ ਹੈ ਪਰ ਕਟਾਈ ਦਾ ਕੰਮ ਬਹੁਤ ਤੇਜ਼ੀ ਨਾਲ ਹੋਇਆ ਹੈ, ਜਿਸ ਕਰ ਕੇ ਮੰਡੀਆਂ ਵਿੱਚ ਹੁਣ ਤੱਕ ਉਮੀਦ ਨਾਲੋਂ ਵੱਧ ਆਮਦ ਹੋ ਰਹੀ ਹੈ। ਅਧਿਕਾਰੀਆਂ ਅਨੁਸਾਰ ਅਕਤੂਬਰ ਵਿਚ ਹੋਈ ਅਣਸਮੇਂ ਵਰਖਾ ਕਾਰਨ ਕਟਾਈ ਵਿੱਚ ਦੇਰੀ ਹੋਈ ਪਰ ਮਹੀਨੇ ਦੇ ਅੰਤ ਤੱਕ ਇਹ ਤੇਜ਼ੀ ਨਾਲ ਪੂਰੀ ਹੋ ਗਈ ਹੈ।
ਜ਼ਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ ਨੇ ਦੱਸਿਆ ਕਿ ਇਸ ਮੌਕੇ ਫਸਲ ਦੀ ਕਟਾਈ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ ਅਤੇ ਕੁਝ ਚੋਣਵੇਂ ਥਾਵਾਂ ’ਤੇ ਹੀ ਫਸਲ ਖੇਤਾਂ ਵਿਚ ਖੜ੍ਹੀ ਦਿਖਾਈ ਦਿੰਦੀ ਹੈ। ਖਾਸ ਤੌਰ ’ਤੇ ਬਾਸਮਤੀ ਦੇ ਕੁਝ ਖੇਤ ਹੀ ਅਜਿਹੇ ਹਨ ਜਿੱਥੇ ਅਜੇ ਕਟਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ 80 ਫੀਸਦੀ ਦੇ ਕਰੀਬ ਕਣਕ ਦੀ ਬਜਾਈ ਵੀ ਹੋ ਚੁੱਕੀ ਹੈ। ਇਸ ਸਾਲ ਬੇਵਕਤੇ ਮੀਂਹ ਅਤੇ ਮੌਸਮ ਦੀ ਤਬਦੀਲੀ ਨੇ ਫਸਲ ਨੂੰ ਨੁਕਸਾਨ ਪਹੁੰਚਾਇਆ ਸੀ। ਪਰ ਫਿਰ ਵੀ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਜਿਸ ਢੰਗ ਨਾਲ ਵੱਧ ਮੀਂਹ ਪਿਅਾ ਸੀ ਉਸ ਮੁਤਾਬਕ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਕਾਫੀ ਹੱਦ ਤੱਕ ਬਚਾ ਰਿਹਾ ਹੈ।
Read More : ਧਾਰਮਿਕ ਸਮਾਗਮਾਂ ’ਚ ਦਖ਼ਲਅੰਦਾਜ਼ੀ ਤੋਂ ਬਚੇ ਸਰਕਾਰ : ਸ਼੍ਰੋਮਣੀ ਕਮੇਟੀ
