Recovery agent

50 ਹਜ਼ਾਰ ਦੀ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਰੰਗੇ ਹੱਥੀਂ ਕਾਬੂ

ਅੰਮ੍ਰਿਤਸਰ, 21 ਜੂਨ :- ਵਿਜੀਲੈਂਸ ਬਿਊਰੋ ਨੇ ਪੰਜਾਬ ਗ੍ਰਾਮੀਣ ਬੈਂਕ ਨਾਲ ਸਬੰਧਤ ਇਕ ਰਿਕਵਰੀ ਏਜੰਟ ਜਤਿੰਦਰ ਪਾਲ ਪਿਪਲਾਨੀ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 50 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਇਸ ਤੋਂ ਪਹਿਲਾਂ ਵੀ 50 ਹਜ਼ਾਰ ਰੁਪਏ ਲੈ ਚੁੱਕਾ ਹੈ। ਅੱਜ ਦੀ ਇਹ ਰਿਸ਼ਵਤ ਉਸਨੇ ਬੈਂਕ ਮੈਨੇਜਰ ਦੇ ਨਾਂ ’ਤੇ ਲਈ ਸੀ।

ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ’ਤੇ ਦੋਸ਼ ਹੈ ਕਿ ਪੰਜਾਬ ਗ੍ਰਾਮੀਣ ਬੈਂਕ ਨੇ ਹੋਮ ਲੋਨ ਦੀ ਅਦਾਇਗੀ ਸਮੇਂ ’ਤੇ ਨਾ ਕਰਨ ਕਾਰਨ ਉਸਦੀ ਜਾਇਦਾਦ ਨੂੰ ਗੈਰ-ਕਾਰਗੁਜ਼ਾਰੀ ਸੰਪਤੀ ਐਲਾਨ ਕਰ ਦਿੱਤਾ ਸੀ। ਇਸ ’ਚ ਬਕਾਇਆ ਰਕਮ ਦੀ ਵਸੂਲੀ ਲਈ ਉਕਤ ਰਿਕਵਰੀ ਏਜੰਟ ਜਤਿੰਦਰ ਪਾਲ ਪਿਪਲਾਨੀ ਨੂੰ ਰਿਕਵਰੀ ਫਾਈਲ ਦਿੱਤੀ ਗਈ ਸੀ।

ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਸੀ ਕਿ ਉਹ ਪੁਲਸ ਦੀ ਮਦਦ ਨਾਲ ਉਸਦੇ ਘਰ ’ਤੇ ਜ਼ਬਰਦਸਤੀ ਕਬਜ਼ਾ ਕਰ ਲਵੇਗਾ। ਇਸ ਦੇ ਨਾਲ ਕੇਸ ਨੂੰ ਉਸਦੇ ਹੱਕ ’ਚ ਨਿਪਟਾਉਣ ਲਈ ਬੈਂਕ ਮੈਨੇਜਰ ਦੇ ਨਾਂ ’ਤੇ 2 ਲੱਖ ਰੁਪਏ ਦੀ ਰਿਸ਼ਵਤ ਮੰਗੀ।

ਪੀੜਤ ਨੇ ਦੱਸਿਆ ਕਿ ਉਕਤ ਏਜੰਟ ਉਸ ਕੋਲੋਂ 50 ਹਜ਼ਾਰ ਦੀ ਪਹਿਲੀ ਕਿਸ਼ਤ ਲੈ ਚੁੱਕਾ ਹੈ ਅਤੇ ਹੁਣ ਬੈਂਕ ਮੈਨੇਜਰ ਲਈ 1.5 ਲੱਖ ਰੁਪਏ ਦੀ ਬਾਕੀ ਰਕਮ ਲੈਣ ਲਈ ਦਬਾਅ ਪਾ ਰਿਹਾ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਟ੍ਰੈਪ ਲਾ ਕੇ ਉਕਤ ਰਿਕਵਰੀ ਏਜੰਟ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਕੋਲੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

Read More : ਯੋਗ ਇਕ ਸਿਹਤਮੰਦ ਜੀਵਨ ਜਿਊਣ ਦੀ ਕਲਾ : ਰਾਸ਼ਟਰਪਤੀ ਮੁਰਮੂ

Leave a Reply

Your email address will not be published. Required fields are marked *