ਸੀ.ਬੀ.ਆਈ. ਦੀ ਭਰੋਸੇਯੋਗਤਾ ’ਤੇ ਚੁੱਕੇ ਸਵਾਲ, ਕਿਹਾ- ਨਿਰਪੱਖ ਜਾਂਚ ਲਈ ਅਦਾਲਤੀ ਦੇਖ-ਰੇਖ ਲਾਜ਼ਮੀ
ਚੰਡੀਗੜ੍ਹ, 25 ਮਾਰਚ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾ. ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ ਇਕ ਵੱਡਾ ਬਿਆਨ ਦਿੰਦਿਆਂ ਮੰਗ ਕੀਤੀ ਹੈ ਕਿ ਇਸ ਸੰਵੇਦਨਸ਼ੀਲ ਕੇਸ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਸੱਚ ਸਾਹਮਣੇ ਲਿਆਉਣ ਲਈ ਇਹ ਬੇਹੱਦ ਜ਼ਰੂਰੀ ਹੈ।
ਵੜਿੰਗ ਨੇ ਸੀ.ਬੀ.ਆਈ. ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਿਛਲੇ ਸਮੇਂ ’ਚ ਇਸ ਏਜੰਸੀ ਦੀਆਂ ਜਾਂਚਾਂ ਦਾ ਤਜਰਬਾ ਬਹੁਤਾ ਹੌਸਲਾ ਅਫ਼ਜ਼ਾਈ ਵਾਲਾ ਨਹੀਂ ਰਿਹਾ। ਉਨ੍ਹਾਂ ਦਲੀਲ ਦਿੱਤੀ ਕਿ ਕਈ ਅਹਿਮ ਕੇਸਾਂ ’ਚ ਸੀ.ਬੀ.ਆਈ. ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ, ਜਿਸ ਕਾਰਨ ਏਜੰਸੀ ਦੀ ਸਾਖ ਨੂੰ ਸੱਟ ਵੱਜੀ ਹੈ। ਖ਼ਾਸ ਕਰਕੇ ਮੌਜੂਦਾ ਕੇਂਦਰ ਸਰਕਾਰ ਦੇ ਰਾਜ ’ਚ ਜਾਂਚ ਏਜੰਸੀਆਂ ਦੀ ਭਰੋਸੇਯੋਗਤਾ ਘਟੀ ਹੈ।
ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਉਹ ਮ੍ਰਿਤਕ ਦੇ ਪਰਿਵਾਰ ਦੀਆਂ ਭਾਵਨਾਵਾਂ ਦਾ ਪੂਰਾ ਸਨਮਾਨ ਕਰਦੇ ਹਨ। ਜੇਕਰ ਪਰਿਵਾਰ ਸੀ.ਬੀ.ਆਈ. ਜਾਂਚ ਚਾਹੁੰਦਾ ਹੈ ਤਾਂ ਉਹ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇਸ ਦੇ ਨਾਲ ਹੀ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਲਾਜ਼ਮੀ ਹੋਵੇ ਤਾਂ ਜੋ ਜਾਂਚ ’ਤੇ ਕੋਈ ਸ਼ੱਕ ਨਾ ਰਹੇ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਪੂਰੇ ਪ੍ਰਸ਼ਾਸਨਿਕ ਤੰਤਰ ਦੀ ਭਰੋਸੇਯੋਗਤਾ ਨਾਲ ਜੁੜਿਆ ਹੋਇਆ ਹੈ, ਇਸ ਲਈ ਜਾਂਚ ਨਿਰਪੱਖ ਅਤੇ ਤੇਜ਼ੀ ਨਾਲ ਹੋਣੀ ਚਾਹੀਦੀ ਹੈ।
Read More : ਸੰਤ ਸੀਚੇਵਾਲ ਨੇ ਰਾਜ ਸਭਾ ’ਚ ਪੇਂਡੂ ਖੇਤਰਾਂ ਦੇ ਖੇਡ ਢਾਂਚੇ ਮਜ਼ਬੂਤ ਕਰਨ ਦਾ ਮੁੱਦਾ ਉਠਾਇਆ
