ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਟਿਕੈਤ ਨੇ ਭਾਰੀ ਮਾਤਰਾ ’ਚ ਲਿਆਂਦੀਆਂ ਦਵਾਈਆਂ ਦਾ ਸਟਾਕ ਮੈਨੇਜਰ ਤੇੜਾ ਨੂੰ ਦਿੱਤਾ
ਅੰਮ੍ਰਿਤਸਰ, 1 ਸਤੰਬਰ : ਰਾਵੀ ਦਰਿਆ ਦੇ ਪਾਣੀ ਦੀ ਮਾਰ ਹੇਠ ਆ ਕੇ ਹੜ੍ਹ ਦੇ ਰੂਪ ਵਿਚ ਤ੍ਰਾਸਦੀ ਝੱਲ ਰਹੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਮਦਦ ਲਈ ਜਿਥੇ ਪਹਿਲਾਂ ਤੋਂ ਹੀ ਸ਼੍ਰੋਮਣੀ ਕਮੇਟੀ, ਸਮਾਜ ਸੇਵੀ ਸੰਸਥਾਵਾਂ, ਪ੍ਰਸ਼ਾਸਨ ਅਤੇ ਸਰਕਾਰ ਅੱਗੇ ਆਈ ਹੈ, ਉਥੇ ਹੁਣ ਹਰਿਆਣਾ ਦੇ ਕਿਸਾਨ ਵੀ ਕਿਸੇ ਗੱਲੋਂ ਪਿੱਛੇ ਨਾ ਰਹਿੰਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਲਈ ਸਰਹੱਦੀ ਜ਼ਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਚ ਪਹੁੰਚਣੇ ਸ਼ੁਰੂ ਹੋ ਗਏ ਹਨ।
ਇਸੇ ਲੜੀ ਦੇ ਚਲਦਿਆਂ ਕੁਰੂਕਤੇਸ਼ਤਰ ਤੋਂ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਨਾਮਵਰ ਕਿਸਾਨ ਨੇਤਾ ਰਾਕੇਸ਼ ਟਿਕੈਤ ਆਪਣੇ ਸਾਥੀਆਂ ਚਤਿੰਦਰ ਸਿੰਘ ਚੀਤੂ ਉੱਤਰਾਖੰਡ, ਗੁਰਮੁੱਖ ਨਾਮਧਾਰੀ ਉੱਤਰਾਖੰਡ, ਬਿੱਲੂ ਪ੍ਰਧਾਨ ਮੁਜੱਫਰਨਗਰ, ਸੁਖਵਿੰਦਰ ਸਿੰਘ ਉੱਤਰਾਖੰਡ ਸਮੇਤ ਹੜ੍ਹ ਪੀੜਤਾਂ ਦੀ ਮਦਦ ਲਈ ਸਰਹੱਦੀ ਕਸਬਾ ਰਮਦਾਸ ਵਿਚਲੇ ਪਿੰਡਾਂ ਵਿਚ ਪਹੁੰਚੇ।
ਇਸ ਮੌਕੇ ਰਾਕੇਸ਼ ਟਿਕੈਤ ਨੇ ਜਿਥੇ ਹੜ੍ਹ ਪੀੜਤਾਂ ਲਈ ਦਵਾਈਆਂ ਦੀ ਵਿਵਸਥਾ ਕੀਤੀ, ਉਥੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਏ ਅਤੇ ਹੜ੍ਹਾਂ ਦੀ ਮਾਰ ਹੇਠ 12 ਤੋਂ 13 ਜ਼ਿਲੇ ਆਏ, ਜਿਨ੍ਹਾਂ ਅਧੀਨ ਆਉਂਦੇ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹਰਿਆਣਾ ਦੇ ਕਿਸਾਨ ਵੀ ਤਿਆਰੀ ਵਿਚ ਜੁਟ ਗਏ ਹਨ।
ਉਨ੍ਹਾਂ ਕਿਹਾ ਕਿ ਉਹ ਕੁਰੂਕਸ਼ੇਤਰ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਵਾਈਆਂ ਵਗੈਰ ਦਾ ਸਟਾਕ ਲੈ ਕੇ ਆਏ ਹਨ ਤਾਂ ਜੋ ਪੀੜਤ ਪਰਿਵਾਰਾਂ ਤੱਕ ਦਵਾਈਆਂ ਪਹੁੰਚ ਸਕਣ ਤੇ ਉਹ ਇਸ ਸਿਹਤ ਸਹੂਲਤ ਦਾ ਲਾਭ ਲੈ ਸਕਣ।
ਇਸ ਮੌਕੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਪਰਗਟ ਸਿੰਘ ਤੇੜਾ ਨੂੰ ਰਾਕੇਸ਼ ਟਿਕੈਤ ਵਲੋਂ ਲਿਆਂਦੀਆਂ ਦਵਾਈਆਂ ਦਾ ਸਟਾਕ ਹੜ੍ਹ ਪੀੜਤਾਂ ਲਈ ਭੇਟ ਕੀਤਾ ਗਿਆ। ਇਸ ਮੌਕੇ ਮੈਨੇਜਰ ਤੇੜਾ ਤੋਂ ਇਲਾਵਾ ਅਮਨਦੀਪ ਸਿੰਘ ਮੀਤ ਮੈਨੇਜਰ, ਸਵਿੰਦਰ ਸਿੰਘ, ਸਮਸ਼ੇਰ ਸਿੰਘ ਬਾਠ, ਸਮਸ਼ੇਰ ਸਿੰਘ ਖਤਰਾਏ ਕਲਾਂ, ਸੁਖਜੀਤ ਸਿੰਘ, ਤਜਿੰਦਰ ਸਿੰਘ ਥੋਬਾ, ਜਸਬੀਰ ਸਿੰਘ, ਜੀਵਨਦੀਪ ਸਿੰਘ, ਬਲਰਾਜ ਸਿੰਘ ਹਰਪਾਲ ਸਿੰਘ ਆਦਿ ਮੌਜੂਦ ਸਨ।
Read More : ਬਿਆਸ ਦਰਿਆ ’ਚ ਹੜ੍ਹ ਕਾਰਨ ਰੱਦ ਕੀਤੀਆਂ 5 ਯਾਤਰੀ ਰੇਲਗੱਡੀਆਂ