Gulab Chand Kataria

ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਤੋਂ ਹੋਏ ਬੇਹੱਦ ਪ੍ਰਭਾਵਿਤ ਗੁਲਾਬ ਚੰਦ ਕਟਾਰੀਆ

ਰਾਜਪਾਲ ਵੱਲੋਂ ਵਾਣੀ ਸਕੂਲ ’ਚ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਡਾਰਕ ਰੂਮ ਲੈਬ ਸਪੈਸ਼ਲ ਬੱਚਿਆਂ ਨੂੰ ਸਮਰਪਿਤ

ਪਟਿਆਲਾ, 19 ਅਗਸਤ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਟਿਆਲਾ ਦੇ ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ। ਉਨ੍ਹਾਂ ਅੱਜ ਇਥੇ ਆਪਣੇ ਵੱਲੋਂ ਦਿੱਤੇ 20 ਲੱਖ ਰੁਪਏ ਦੇ ਵਿਸ਼ੇਸ਼ ਫੰਡਾਂ ਨਾਲ ਬਾਲ ਭਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸਪੈਸ਼ਲ ਤੇ ਬੌਧਿਕ ਅਪੰਗਤਾ ਤੋਂ ਪ੍ਰਭਾਵਿਤ ਬੱਚਿਆਂ ਲਈ ਤਿਆਰ ਕਰਵਾਏ ਗਈ ਡਾਰਕ ਰੂਮ ਲੈਬ ਨੂੰ ਇਨ੍ਹਾਂ ਬੱਚਿਆਂ ਦੇ ਸਮਰਪਿਤ ਕੀਤਾ।

ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਕੇ ਹੀ ਪੂਰੇ ਸਮਾਜ ਤੇ ਦੇਸ਼ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਬਣਾਈ ਗਈ ਡਾਰਕ ਰੂਮ ਲੈਬ ਬੌਧਿਕ ਅਪੰਗਤਾ ਦੇ ਸ਼ਿਕਾਰ ਬੱਚਿਆਂ ਦੀ ਜ਼ਿੰਦਗੀ ਨੂੰ ਆਮ ਸਧਾਰਨ ਲੋਕਾਂ ਵਰਗੀ ਬਣਾਉਣ ਅਤੇ ਇਨ੍ਹਾਂ ਦੇ ਉਗਰ ਸੁਭਾਅ ਨੂੰ ਸ਼ਾਂਤ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ।

ਰਾਜਪਾਲ ਕਟਾਰੀਆ ਨੇ ਆਮ ਲੋਕਾਂ ਤੇ ਸਮਾਜ-ਸੇਵੀਆਂ ਨੂੰ 1962 ਤੋਂ ਬੱਚਿਆਂ ਦੀ ਭਲਾਈ ਲਈ ਯਤਨਸ਼ੀਲ ਪੰਜਾਬ ਬਾਲ ਭਲਾਈ ਕੌਂਸਲ ਨਾਲ ਜੁੜਨ ਦਾ ਸੱਦਾ ਦਿੰਦਿਆਂ ਬਾਲ ਭਲਾਈ ਕੌਂਸਲ ਦੀਆਂ ਸੇਵਾਵਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ। ਅਜਿਹੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੇ ਪਟਿਆਲਾ ਦੇ ਵਾਣੀ ਸਕੂਲ ਨੂੰ ਦਿਸ਼ਾ ਦੇਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਇਸ ਸਕੂਲ ਦੇ ਅਧਿਆਪਕਾਂ ਵੀ ਪ੍ਰਸ਼ੰਸਾ ਦੇ ਪਾਤਰ ਹਨ।

ਇਸ ਮੌਕੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਰਸਮੀ ਸਵਾਗਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਤੇ ਇਨ੍ਹਾਂ ਨੂੰ ਸਮਾਜ ਦੇ ਬਾਕੀ ਵਰਗਾਂ ਦੇ ਬਰਾਬਰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।

ਡਾ. ਬਲਬੀਰ ਸਿੰਘ ਨੇ ਬਲਬ ਦੀ ਖੋਜ ਕਰਨ ਵਾਲੇ ਐਡੀਸਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਨਾ ਕਿਸੇ ਵਿਸ਼ੇਸ਼ ਸਮਰੱਥਾ ਦੇ ਮਾਲਕ ਹੁੰਦੇ ਹਨ ਅਤੇ ਇਹ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਦੇ ਵਿਸ਼ੇਸ਼ ਫੁੱਲ ਹਨ।

ਉਨ੍ਹਾਂ ਵਾਣੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।

ਸਮਾਰੋਹ ਦੌਰਾਨ ਸਕੂਲ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ, ਜਿਸ ਤੋਂ ਗਵਰਨਰ ਗੁਲਾਬ ਚੰਦ ਕਟਾਰੀਆ ਬੇਹੱਦ ਪ੍ਰਭਾਵਤ ਹੋਏ। ਇਸ ਮੌਕੇ ਏ. ਡੀ. ਸੀ. ਈਸ਼ਾ ਸਿੰਗਲ, ਐੱਸ. ਡੀ. ਐੱਮ. ਕਿਰਪਾਲਵੀਰ ਸਿੰਘ, ਪ੍ਰਿੰਸੀਪਲ ਸੁਖਚੈਨ ਵਿਰਕ, ਡਾਰਕ ਰੂਮ ਤਿਆਰ ਕਰਨ ਵਾਲੀ ਤਕਨੀਕੀ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।

Read More : ਢਿਗਾਂ ਡਿੱਗਣ ਕਾਰਨ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ਬੰਦ

Leave a Reply

Your email address will not be published. Required fields are marked *