raja-warring

ਲੋਕ ਸਭਾ ‘ਚ ਸੁਖਬੀਰ ਬਾਦਲ ਦਾ ਨਾਂ ਲੈਂਦਿਆਂ ਹੀ ਰਾਜਾ ਵੜਿੰਗ ਦਾ ਮਾਈਕ ਕੀਤਾ ਬੰਦ

ਬੇਅਦਬੀ ਮਾਮਲੇ ‘ਚ 11 ਸਾਲਾਂ ਦੀ ਦੇਰੀ ‘ਤੇ ਵੜਿੰਗ ਨੇ ਜਤਾਈ ਚਿੰਤਾ; ਸੰਸਦ ‘ਚ ਗੂੰਜੀ ਇਨਸਾਫ਼ ਦੀ ਮੰਗ

ਚੰਡੀਗੜ੍ਹ, 2 ਅਪ੍ਰੈਲ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀਰਵਾਰ ਨੂੰ ਲੋਕ ਸਭਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ‘ਤੇ ਇਨਸਾਫ਼ ਦੀ ਜ਼ੋਰਦਾਰ ਮੰਗ ਕੀਤੀ। ਵੜਿੰਗ ਨੇ ਬੜੀ ਨਿਰਾਸ਼ਾ ਨਾਲ ਕਿਹਾ ਕਿ 11 ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਭਾਈਚਾਰਾ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਿਹਾ ਹੈ।

ਸੰਸਦ ਦੀ ਕਾਰਵਾਈ ਦੌਰਾਨ ਉਸ ਸਮੇਂ ਸਥਿਤੀ ਦਿਲਚਸਪ ਹੋ ਗਈ, ਜਦੋਂ ਵੜਿੰਗ ਨੇ ਬੇਅਦਬੀ ਕਾਂਡ ਵੇਲੇ ਦੇ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂ ਲਿਆ। ਜਿਵੇਂ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਦਾ ਜ਼ਿਕਰ ਕੀਤਾ, ਤਾਂ ਤੁਰੰਤ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ।

ਵੜਿੰਗ ਨੇ ਕਿਹਾ ਕਿ ਸਾਲ 2015 ‘ਚ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਸੀ, ਉਸ ਸਮੇਂ ਸੱਤਾਧਾਰੀ ਧਿਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸੀ। ਉਨ੍ਹਾਂ ਯਾਦ ਦਿਵਾਇਆ ਕਿ ਬੇਅਦਬੀ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਦੋ ਸਿੱਖ ਨੌਜਵਾਨਾਂ ਦੀ ਪੁਲਸ ਫਾਇਰਿੰਗ ‘ਚ ਮੌਤ ਹੋ ਗਈ ਸੀ, ਜਿਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

ਸੰਸਦ ਦੇ ਬਾਹਰ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਆਪਣਾ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਕਿਸੇ ‘ਤੇ ਨਿੱਜੀ ਟਿੱਪਣੀ ਨਹੀਂ ਕਰ ਰਹੇ ਸਨ, ਸਗੋਂ ਸਿਰਫ਼ ਇਤਿਹਾਸਕ ਤੱਥ ਰੱਖ ਰਹੇ ਸਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸੱਚ ਬੋਲਣ ਵੇਲੇ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ।

ਵੜਿੰਗ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਮੁੱਦਿਆਂ ‘ਤੇ ਉਹ ਲਗਾਤਾਰ ਆਵਾਜ਼ ਉਠਾਉਂਦੇ ਰਹਿਣਗੇ ਕਿਉਂਕਿ ਪੰਜਾਬ ਦੇ ਲੋਕਾਂ ਲਈ ਇਹ ਇਕ ਬਹੁਤ ਹੀ ਭਾਵੁਕ ਅਤੇ ਇਨਸਾਫ਼ ਨਾਲ ਜੁੜਿਆ ਹੋਇਆ ਮਸਲਾ ਹੈ।

Read More : ਮੁੱਖ ਮੰਤਰੀ ਦੀ ਆਮਦ ਮੌਕੇ ਲੋਕਾਂ ਨਾਲ ਬਦਸਲੂਕੀ ਕਰਨ ਵਾਲਾ ਏ.ਐੱਸ.ਆਈ. ਮੁਅੱਤਲ

Leave a Reply

Your email address will not be published. Required fields are marked *