ਪੰਜਾਬੀਆਂ ਤੋਂ ਹਜ਼ਾਰਾਂ ਕਰੋੜ ਫ਼ਿਰੌਤੀਆਂ ਰਾਹੀਂ ਲੁੱਟੇ ਪਰ ਸਰਕਾਰ ਦੇ ‘ਕੰਨ ’ਤੇ ਜੂ ਨਹੀਂ ਸਰਕੀ’
ਮੋਗਾ, 7 ਜੁਲਾਈ :-ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੋਗਾ ਵਿਖੇ ਦੋਸ਼ ਲਾਇਆ ਹੈ ਕਿ ਆਪ ਸਰਕਾਰ ਦੇ ਪਿਛਲੇ ਸਾਢੇ ਤਿੰਨ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਸੂਬੇ ਵਿਚੋਂ ਹਜ਼ਾਰਾਂ ਕਰੋੜ ਰੁਪਏ ਫ਼ਿਰੌਤੀਆਂ ਦੇ ਰੂਪ ਵਿਚ ਗੈਂਗਸਟਰਾਂ ਵਲੋਂ ਲੁੱਟੇ ਗਏ ਹਨ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਹਾਲੇ ਤੱਕ ‘ਕੰਨ ’ਤੇ ਜੂ ਨਹੀਂ ਸਰਕੀ’ ਹੈ, ਜਿਸ ਕਰ ਕੇ ਰੋਜ਼ਾਨਾਂ ਫ਼ਿਰੌਤੀਆਂ ਨਾ ਦੇਣ ਵਾਲੇ ਕਾਰੋਬਾਰੀਆਂ ’ਤੇ ਹਮਲੇ ਹੋ ਰਹੇ ਹਨ, ਜੋ ਮੰਦਭਾਗਾ ਹੈ।
ਰਾਜਾ ਵੜਿੰਗ ਅੱਜ ਇੱਥੇ ਮੋਗਾ ਵਿਖੇ ਹਸਪਤਾਲ ਵਿਚ ਜ਼ੇਰੇ ਇਲਾਜ ਡਾ. ਅਨਿਲਜੀਤ (ਨੰਨੀ) ਦਾ ਹਾਲ-ਚਾਲ ਪੁੱਛਣ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਵਰ੍ਹਿਆਂ ਤੋਂ ਡਾ. ਅਨਿਲਜੀਤ ਨੂੰ ਧਮਕੀਆਂ ਮਿਲ ਰਹੀਆਂ ਸਨ ਤੇ ਉਨ੍ਹਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਵਾਈ ਸੀ, ਪਰੰਤੂ ਉਹ ਫ਼ਿਰ ਵਾਪਸ ਲਈ ਗਈ ਅਜਿਹਾ ਕਿਉਂ ਕੀਤਾ ਇਹ ਭੇਦ ਬਣਿਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਨਾਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਸ ਮਾਮਲੇ ’ਤੇ ਚੁੱਪ ਹੈ ਜੋ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਾਮਲੇ ਦੇ ਦੋਸ਼ੀ ਪੁਲਸ ਨੇ ਫੜ੍ਹੇ ਹਨ, ਪਰ ਉਨ੍ਹਾਂ ਨੂੰ ਜਲਦੀ ਮਿਸਾਲੀ ਸਜ਼ਾਵਾਂ ਯਕੀਨੀ ਬਣਾਈਆਂ ਜਾਣ ਤਾਂ ਜੋਂ ਭਵਿੱਖ ਵਿਚ ਕੋਈ ਅਜਿਹਾ ਘਟਨਾ ਨਾ ਹੋਵੇ।
ਇਸ ਮੌਕੇ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਮਾਲਵਿਕਾ ਸੂਦ ਹਲਕਾ ਇੰਚਾਰਜ਼ ਮੋਗਾ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਪ੍ਰਧਾਨ ਹਰੀ ਸਿੰਘ ਖਾਈ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਸਾਬਕਾ ਚੇਅਰਮੈਨ ਵਿਨੋਦ ਬਾਂਸਲ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
Read More : ਭਿਆਨਕ ਹਾਦਸੇ ਵਿਚ 10 ਲੋਕਾਂ ਦੀ ਮੌਤ