ਸੁਖਬੀਰ ਬਾਦਲ

ਰਾਜਾ ਵੜਿੰਗ ਨੇ ਮੁੱਖ ਮੰਤਰੀ ਦੀ ਇਕੋ ਝਾੜ ਮਗਰੋਂ ਬਦਲਿਆ ਸਟੈਂਡ : ਸੁਖਬੀਰ ਬਾਦਲ

ਅਮਲੋਹ ਵਿਖੇ ‘ਪੰਜਾਬ ਬਚਾਓ’ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਅਤੇ ‘ਆਪ’ ’ਤੇ ਸਾਧੇ ਤਿੱਖੇ ਨਿਸ਼ਾਨੇ

ਅਮਲੋਹ, 25 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਮਲੋਹ ਵਿਖੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਆਯੋਜਿਤ ‘ਪੰਜਾਬ ਬਚਾਓ’ ਮੁਹਿੰਮ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਤੰਜ਼ ਕਸਦਿਆਂ ਕਿਹਾ ਕਿ ਵੜਿੰਗ ਨੂੰ ਆਪਣੇ ਪੁਰਾਣੇ ਕੇਸ ਖੁੱਲ੍ਹਣ ਦਾ ਇੰਨਾ ਡਰ ਹੈ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਝਾੜ ਮਗਰੋਂ ਹੀ ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੀ ਸੀ.ਬੀ.ਆਈ. ਜਾਂਚ ਦੀ ਮੰਗ ਤੋਂ ਪਾਸਾ ਵੱਟ ਲਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਜਿੱਥੇ ਕਾਂਗਰਸ ਦੇ ਸਾਰੇ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਤੀ ਬੇਨਤੀ ਕੀਤੀ ਸੀ, ਉੱਥੇ ਹੀ ਰਾਜਾ ਵੜਿੰਗ ਹੁਣ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਰਾਂਸਪੋਰਟ ਮੰਤਰੀ ਹੁੰਦਿਆਂ ਬੱਸਾਂ ਦੀਆਂ ਬਾਡੀਆਂ ਲਗਵਾਉਣ ਦੇ ਮਾਮਲੇ ’ਚ ਹੋਏ 100 ਕਰੋੜ ਰੁਪਏ ਦੇ ਕਥਿਤ ਘਪਲੇ ਦੀ ਫ਼ਾਈਲ ਤੋਂ ਡਰਦਿਆਂ ਵੜਿੰਗ ਨੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਆਗੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਕਾਬਿਲ ਹੀ ਨਹੀਂ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਹੋਰ ਸਿਆਸੀ ਤਜਰਬੇ ਕਰਨੇ ਬੰਦ ਕੀਤੇ ਜਾਣ ਅਤੇ ਆਪਣੀ ਖੇਤਰੀ ਪਾਰਟੀ ’ਤੇ ਭਰੋਸਾ ਜਤਾਇਆ ਜਾਵੇ। ਉਨ੍ਹਾਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਏ ਵਿਕਾਸ ਕਾਰਜਾਂ ਅਤੇ ਕਿਸਾਨੀ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਸ਼ਾਂਤੀ ਤੇ ਵਿਕਾਸ ਦਾ ਦੌਰ ਵਾਪਸ ਲਿਆ ਸਕੇ।

ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਰਿਆਈ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ।

Read More : ਹੁਣ ਆਨਲਾਈਨ FIR ਡਾਊਨਲੋਡ ਕਰਨ ਲਈ ਦੇਣੀ ਪਵੇਗੀ ਫ਼ੀਸ

Leave a Reply

Your email address will not be published. Required fields are marked *