ਕਣਕ ਦੀ ਫ਼ਸਲ

ਮੀਂਹ ਨੇ ਕਣਕ ਦੀ ਫ਼ਸਲ ਨੂੰ ਦਿੱਤਾ ਨਵਾਂ ਜੀਵਨ, ਹੁਣ ਬੰਪਰ ਪੈਦਾਵਾਰ ਦੀ ਉਮੀਦ

ਗਰਮੀ ਤੋਂ ਮਿਲੀ ਰਾਹਤ ਨੇ ਸੁਧਾਰੀ ਫ਼ਸਲ ਦੀ ਸਥਿਤੀ; ਗੁਰਦਾਸਪੁਰ ’ਚ ਪੌਣੇ 2 ਲੱਖ ਹੈਕਟੇਅਰ ਰਕਬੇ ਨੂੰ ਹੋਇਆ ਫਾਇਦਾ

ਪੰਜਾਬ ਅਤੇ ਹਰਿਆਣਾ ’ਚ 15 ਮਾਰਚ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਕਣਕ ਦੇ ਕਿਸਾਨਾਂ ਲਈ ਵੱਡੀ ਰਾਹਤ ਲਿਆਂਦੀ ਹੈ। ਇਸ ਮੌਸਮੀ ਤਬਦੀਲੀ ਨੇ ਫ਼ਸਲ ਦੀ ਸਥਿਤੀ ’ਚ ਸੁਧਾਰ ਕਰਦਿਆਂ ਇਕ ਵਾਰ ਫਿਰ ਬੰਪਰ ਪੈਦਾਵਾਰ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ। ਖਾਸ ਤੌਰ ’ਤੇ ਗੁਰਦਾਸਪੁਰ ਜ਼ਿਲਾ ਅੰਦਰ ਕਿਸਾਨ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ, ਜਿੱਥੇ ਤਕਰੀਬਨ ਪੌਣੇ 2 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਕਾਸ਼ਤ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ 12 ਮਾਰਚ ਦੇ ਆਸ-ਪਾਸ ਅਚਾਨਕ ਤਾਪਮਾਨ 34°C ਤੋਂ 37°C ਤੱਕ ਪਹੁੰਚ ਗਿਆ ਸੀ, ਜੋ ਆਮ ਨਾਲੋਂ 5-6 ਡਿਗਰੀ ਜ਼ਿਆਦਾ ਸੀ। ਇਨ੍ਹਾਂ ਹਾਲਾਤਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਸੀ ਕਿਉਂਕਿ ਕਣਕ ਦੀ ਫ਼ਸਲ ਦਾਣਾ ਬਣਨ ਦੇ ਨਾਜ਼ੁਕ ਪੜਾਅ ’ਤੇ ਸੀ। ਅਜਿਹੀ ਗਰਮੀ ਨਾਲ ਦਾਣਾ ਸੁੰਗੜਨ ਅਤੇ ਫ਼ਸਲ ਸਮੇਂ ਤੋਂ ਪਹਿਲਾਂ ਪੱਕਣ ਦਾ ਖ਼ਤਰਾ ਸੀ, ਜਿਸ ਨਾਲ ਝਾੜ ’ਤੇ ਮਾੜਾ ਅਸਰ ਪੈ ਸਕਦਾ ਸੀ। ਪਰ ਬਾਅਦ ’ਚ 20 ਮਾਰਚ ਤੱਕ ਤਾਪਮਾਨ ਵਿੱਚ 13°C ਤੋਂ 18°C ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਗੁਰਦਾਸਪੁਰ ਜ਼ਿਲਾ ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ ਅਨੁਸਾਰ ਕੁਝ ਥਾਵਾਂ ’ਤੇ ਫ਼ਸਲ ਵਿਛਣ ਨੂੰ ਛੱਡ ਕੇ ਅਜੇ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਉਲਟਾ, ਇਸ ਮੀਂਹ ਨੇ ਗਰਮੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕ ਲਿਆ ਹੈ ਅਤੇ ਦਾਣਾ ਭਰਨ ’ਚ ਮਦਦ ਕੀਤੀ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਈ ਹੈ।

ਦੂਜੇ ਪਾਸੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਮੀਂਹ 25 ਮਾਰਚ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ, ਤਾਂ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦਾ ਹੈ।

Read More : ਇੱਟਾਂ ਮਾਰ ਕੇ ਦੋਸਤ ਮਾਰਿਆ

Leave a Reply

Your email address will not be published. Required fields are marked *