ਤਾਪਮਾਨ ’ਚ ਭਾਰੀ ਗਿਰਾਵਟ, ਕਿਸਾਨਾਂ-ਬਾਗਬਾਨਾਂ ਦੀ ਵਧੀ ਚਿੰਤਾ
ਦੇਹਰਾਦੂਨ/ਸ਼ਿਮਲਾ, 9 ਅਪ੍ਰੈਲ : ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਮੌਸਮ ਨੇ ਅਚਾਨਕ ਕਰਵਟ ਲੈਂਦੇ ਹੋਏ ਅਪ੍ਰੈਲ ’ਚ ਹੀ ਦਸੰਬਰ-ਜਨਵਰੀ ਵਰਗੀ ਕੜਾਕੇ ਦੀ ਠੰਡ ਦਾ ਅਹਿਸਾਸ ਕਰਵਾ ਦਿੱਤਾ ਹੈ। ਉੱਤਰਾਖੰਡ ਦੇ ਮੈਦਾਨੀ ਇਲਾਕਿਆਂ ’ਚ ਤੇਜ਼ ਮੀਂਹ ਅਤੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਦੇ ਨਾਲ-ਨਾਲ ਪਹਾੜੀ ਖੇਤਰਾਂ ’ਚ ਲਗਾਤਾਰ ਬਰਫਬਾਰੀ ਹੋ ਰਹੀ ਹੈ।
ਸੂਬੇ ਦੇ ਸਾਰੇ 13 ਜ਼ਿਲਿਆਂ ’ਚ ਮੰਗਲਵਾਰ ਸ਼ਾਮ ਤੋਂ ਮੌਸਮ ਵਿਗੜਿਆ ਹੋਇਆ ਹੈ, ਜਿਸ ਕਾਰਨ ਤਾਪਮਾਨ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ, ਵੱਧ ਤੋਂ ਵੱਧ ਤਾਪਮਾਨ ’ਚ 4 ਤੋਂ 6 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਈ ਹੈ, ਹਾਲਾਂਕਿ ਅਗਲੇ 3-4 ਦਿਨਾਂ ’ਚ ਇਸ ਵਿਚ ਹੌਲੀ-ਹੌਲੀ 5 ਤੋਂ 7 ਡਿਗਰੀ ਤੱਕ ਵਾਧੇ ਦੀ ਸੰਭਾਵਨਾ ਹੈ।
ਉੱਥੇ ਹੀ ਹਿਮਾਚਲ ਪ੍ਰਦੇਸ਼ ’ਚ ਵੀ ਉੱਚੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਅਤੇ ਹੇਠਲੇ ਖੇਤਰਾਂ ’ਚ ਦਰਮਿਆਨੇ ਤੋਂ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਰੋਹਤਾਂਗ ਦੱਰਾ, ਲਾਹੌਲ-ਸਪਿਤੀ ਅਤੇ ਕੁਫ਼ਰੀ ਵਰਗੇ ਇਲਾਕਿਆਂ ’ਚ ਬਰਫ਼ਬਾਰੀ ਹੋਈ ਹੈ, ਜਦਕਿ ਮੰਡੀ ਜ਼ਿਲਾ ਦੇ ਸ਼ਿਕਾਰੀ ਮਾਤਾ ਮੰਦਰ ਖੇਤਰ ’ਚ ਵੀ ਰੁਕ-ਰੁਕ ਕੇ ਬਰਫਬਾਰੀ ਦਰਜ ਕੀਤੀ ਗਈ।
ਅਪ੍ਰੈਲ ’ਚ ਹੋ ਰਹੀ ਇਸ ਅਸਾਧਾਰਨ ਬਰਫ਼ਬਾਰੀ ਨੇ ਕਿਸਾਨਾਂ ਅਤੇ ਬਾਗਬਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਇਸ ਨਾਲ ਸੇਬ ਸਮੇਤ ਹੋਰ ਫ਼ਸਲਾਂ ਅਤੇ ਕਟਾਈ ਲਈ ਤਿਆਰ ਕਣਕ ਨੂੰ ਨੁਕਸਾਨ ਪਹੁੰਚ ਸਕਦਾ ਹੈ।
Read More : ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਈਰਾਨੀ ਵਫ਼ਦ
