ਅੰਮ੍ਰਿਤਸਰ, 15 ਸਤੰਬਰ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ‘ਤੇ ਹਨ। ਸਵੇਰੇ ਲਗਭਗ 9:30 ਵਜੇ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ।
ਇਸ ਤੋਂ ਬਾਅਦ ਉਹ ਅਜਨਾਲਾ ਲਈ ਰਵਾਨਾ ਹੋ ਗਏ ਹਨ, ਜਿਥੇ ਉਹ ਹੜ੍ਹ ਪ੍ਰਭਾਵਿਤ ਪਿੰਡ ਘੋਨੇਵਾਲਾ ਜਾਣਗੇ, ਇਸ ਪਿੰਡ ਵਿਚ ਕੁਝ ਦਿਨ ਪਹਿਲਾਂ ਬੰਨ੍ਹ ਟੁੱਟਣ ਕਾਰਨ ਫਸਲਾਂ ਦੇ ਨਾਲ-ਨਾਲ ਘਰ ਵੀ ਡੁੱਬ ਗਏ ਸਨ ਅਤੇ ਰਾਮਦਾਸ ਵਿਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਪ੍ਰਭਾਵਿਤ ਲੋਕਾਂ ਲਈ ਅਰਦਾਸ ਵੀ ਕਰਨਗੇ।
ਇਸ ਤੋਂ ਬਾਅਦ ਉਹ 12:15 ਵਜੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਪਹੁੰਚਣਗੇ ਅਤੇ ਦੁਪਹਿਰ 1:00 ਵਜੇ ਡੇਰਾ ਬਾਬਾ ਨਾਨਕ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ ਦੀਨਾਨਗਰ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।
ਪੰਜਾਬ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਰਾਹੁਲ ਗਾਂਧੀ ਨਾਲ ਮੌਜੂਦ ਹਨ। ਰਾਹੁਲ ਗਾਂਧੀ ਗੁਰਦਾਸਪੁਰ ਅਤੇ ਪਠਾਨਕੋਟ ਦਾ ਵੀ ਦੌਰਾ ਕਰਨਗੇ। 23 ਜ਼ਿਲਿਆਂ ਦੇ 2 ਹਜ਼ਾਰ 97 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ। ਲਗਭਗ 1 ਲੱਖ 91 ਹਜ਼ਾਰ 926 ਹੈਕਟੇਅਰ ਵਿਚ ਫਸਲਾਂ ਡੁੱਬ ਗਈਆਂ। 15 ਜ਼ਿਲਿਆਂ ਵਿਚ 52 ਲੋਕਾਂ ਦੀ ਮੌਤ ਹੋ ਗਈ ਹੈ।
Read More : ਸਿਹਤ ਵਿਭਾਗ ਵੱਲੋਂ 50,054 ਘਰਾਂ ’ਚ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ