ਨਾਕੇਬੰਦੀ ਦੌਰਾਨ 8 ਟਰੱਕਾਂ ਦੇ ਚਲਾਨ, ਵਸੂਲੇ 3.85 ਲੱਖ ਰੁਪਏ
ਗੁਰਦਾਸਪੁਰ, 17 ਜੂਨ -: ਪੰਜਾਬ ’ਚ ਟੈਕਸ ਚੋਰੀ ਕਰ ਕੇ ਦਾਖਲ ਹੋ ਰਹੀਆਂ ਜੰਮੂ-ਕਸ਼ਮੀਰ ਦੀਆਂ ਟੂਰਿਸਟ ਬੱਸਾਂ ’ਤੇ ਗੁਰਦਾਸਪੁਰ ਦੇ ਰਿਜਨਲ ਟਰਾਂਸਪੋਰਟ ਅਫਸਰ ਨਵਜੋਤ ਸ਼ਰਮਾ ਨੇ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਬਰੀਆਰ ਬਾਈਪਾਸ ’ਤੇ ਨਾਕਾ ਲਗਾ ਕੇ ਅਜਿਹੀਆਂ ਬੱਸਾਂ ਨੂੰ ਘੇਰਿਆ ਅਤੇ ਭਾਰੀ ਜੁਰਮਾਨੇ ਵਸੂਲੇ ਗਏ।
ਦੱਸਣਯੋਗ ਹੈ ਕਿ ਆਰ. ਟੀ. ਓ. ਨਵਜੋਤ ਸ਼ਰਮਾ ਵੱਲੋਂ ਹਾਈਵੇ ’ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਕੁਝ ਟੂਰ ਐਂਡ ਟਰੈਵਲ ਏਜੰਟ ਵੈਸ਼ਨੋ ਦੇਵੀ ਜਾਂ ਹੋਰ ਤੀਰਥ ਸਥਾਨਾਂ ਲਈ ਬੁਕਿੰਗਾਂ ਪੂਰੀਆਂ ਕਰਨ ਵਾਸਤੇ ਜੰਮੂ ਦੀਆਂ ਬੱਸਾਂ ਦੀ ਵਰਤੋਂ ਕਰਦੇ ਹਨ। ਇਹ ਬੱਸਾਂ ਗੁਪਤ ਤਰੀਕੇ ਨਾਲ ਪੰਜਾਬ ’ਚ ਦਾਖਲ ਹੁੰਦੀਆਂ ਹਨ, ਜਿਸ ਨਾਲ ਸੂਬੇ ਦੇ ਖਜ਼ਾਨੇ ਨੂੰ ਟੈਕਸ ਦਾ ਨੁਕਸਾਨ ਹੁੰਦਾ ਹੈ।
ਇਸ ਦੌਰਾਨ ਗੁਪਤ ਸੂਚਨਾ ਮਿਲਣ ’ਤੇ ਆਰ. ਟੀ. ਓ. ਨਵਜੋਤ ਸ਼ਰਮਾ ਨੇ ਦੋ ਅਜਿਹੀਆਂ ਬੱਸਾਂ ਨੂੰ ਬਰੀਆਰ ਬਾਈਪਾਸ ’ਤੇ ਰੋਕਿਆ। ਜਦੋਂ ਉਨ੍ਹਾਂ ਕੋਲੋਂ ਟੈਕਸ ਸਬੰਧੀ ਜ਼ਰੂਰੀ ਦਸਤਾਵੇਜ਼ ਮੰਗੇ ਗਏ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਸ ’ਤੇ ਟਰਾਂਸਪੋਰਟ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਬੱਸਾਂ ’ਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ।
ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਦੌਰਾਨ ਦੋ ਜੰਮੂ ਦੀਆਂ ਬੱਸਾਂ ਤੋਂ ਇਲਾਵਾ 8 ਟਰੱਕਾਂ ਦੇ ਵੀ ਚਲਾਨ ਕੀਤੇ ਗਏ। ਇਨ੍ਹਾਂ ਸਾਰੇ ਵਾਹਨਾਂ ਤੋਂ ਕੁੱਲ ਮਿਲਾ ਕੇ 3 ਲੱਖ 85 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ, ਜੋ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਇਹ ਕਾਰਵਾਈ ਭਵਿੱਖ ’ਚ ਵੀ ਲਗਾਤਾਰ ਜਾਰੀ ਰਹੇਗੀ।
Read More : ਡੀ. ਸੀ. ਨੇ ਬੈਂਕਾਂ ਦੂ ਸੁਰੱਖਿਆ ਤੇ ਕਾਰਜਪ੍ਰਣਾਲੀ ਦਾ ਲਿਆ ਜਾਇਜ਼ਾ