Malvinder Kang

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਉਠਾਉਣਾ ਸੁਖਬੀਰ ਬਾਦਲ ਦੀ ਨਿਰਾਸ਼ਾ ਦਾ ਪ੍ਰਤੀਕ : ਮਾਲਵਿੰਦਰ ਕੰਗ

ਚੰਡੀਗੜ੍ਹ, 9 ਅਪ੍ਰੈਲ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਉਠਾਉਣਾ ਸੁਖਬੀਰ ਬਾਦਲ ਦੀ ਨਿਰਾਸ਼ਾ ਅਤੇ ਸਿੱਖ ਮਰਿਆਦਾਵਾਂ ਪ੍ਰਤੀ ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ। ਕੰਗ ਨੇ ਕਿਹਾ ਕਿ ਰਾਜਨੀਤਿਕ ਜ਼ਮੀਨ ਖਿਸਕਦੀ ਦੇਖ ਕੇ ਸੁਖਬੀਰ ਬਾਦਲ ਹੁਣ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਕੰਗ ਨੇ ਯਾਦ ਦਿਵਾਇਆ ਕਿ ਜਦੋਂ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ, ਉਦੋਂ ਉਨ੍ਹਾਂ ਨੇ ਸਾਰੀਆਂ ਗਲਤੀਆਂ ਕਬੂਲ ਕੀਤੀਆਂ ਸਨ, ਪਰ ਹੁਣ ਉਹ ਇਸ ਨੂੰ ‘ਸਾਜ਼ਿਸ਼’ ਦੱਸ ਰਹੇ ਹਨ। ਕੰਗ ਨੇ ਇਸ ਨੂੰ ਬਾਦਲ ਦਾ ਦੋਹਰਾ ਚਿਹਰਾ ਕਰਾਰ ਦਿੰਦਿਆਂ ਕਿਹਾ ਕਿ ਜਿੱਥੇ ਪੰਜ ਸਿੰਘ ਸਾਹਿਬਾਨ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਫੈਸਲਾ ਸੁਣਾਇਆ ਹੋਵੇ, ਉਸ ਨੂੰ ਸਾਜ਼ਿਸ਼ ਕਹਿਣਾ ਸਿੱਖ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਘਟਨਾਵਾਂ ਵਿੱਚੋਂ ਇੱਕ ਹੈ।

ਉਨ੍ਹਾਂ ਅੱਗੇ ਕਿਹਾ ਕਿ ਸੁਖਬੀਰ ਬਾਦਲ ਨੇ ਸਿੱਖਾਂ ਦੀ ਸਰਵਉੱਚ ਸੰਸਥਾ ਦੀ ਸਾਖ ‘ਤੇ ਉਂਗਲ ਉਠਾਈ ਹੈ, ਜਿਸ ਲਈ ਪੰਥ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਕੰਗ ਮੁਤਾਬਕ ਪੰਜਾਬ ਦੇ ਲੋਕ ਉਨ੍ਹਾਂ ਨੂੰ ਪਹਿਲਾਂ ਹੀ ਸਜ਼ਾ ਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸੰਗਤ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਹੋਰ ਵੀ ਸਖ਼ਤ ਸਜ਼ਾ ਦੇਵੇਗੀ।

Read More : ਉੱਤਰਾਖੰਡ-ਹਿਮਾਚਲ ’ਚ ਮੀਂਹ ਤੇ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਚੱਲੀਆਂ ਤੇਜ਼ ਹਵਾਵਾਂ

Leave a Reply

Your email address will not be published. Required fields are marked *