PRTC ਨੂੰ ਮਿਲਣਗੀਆਂ 659 ਅਤੇ ਪਨਬੱਸ ਨੂੰ 606 ਨਵੀਆਂ ਬੱਸਾਂ ; ਵਿੱਤ ਮੰਤਰੀ ਹਰਪਾਲ ਚੀਮਾ
ਚੰਡੀਗੜ੍ਹ, 12 ਅਪ੍ਰੈਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਮਜ਼ਬੂਤ ਅਤੇ ਪਹੁੰਚਯੋਗ ਜਨਤਕ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਟਰਾਂਸਪੋਰਟ ਨੈੱਟਵਰਕ ਵਿੱਚ ਵੱਡੇ ਵਿਸਥਾਰ ਦਾ ਐਲਾਨ ਕੀਤਾ ਹੈ। ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਅਤੇ ਪਨਬੱਸ ਦੇ ਬੇੜੇ ਵਿੱਚ ਕੁੱਲ 1265 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਕੁੱਲ 659 ਬੱਸਾਂ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਕਿਲੋਮੀਟਰ ਸਕੀਮ ਤਹਿਤ 250 ਬੱਸਾਂ ਬੇੜੇ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ, ਜੋ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਵਸਨੀਕਾਂ ਨੂੰ ਸਮਰਪਿਤ ਹਨ ਤਾਂ ਜੋ ਸੂਬੇ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਹੋ ਸਕਣ।
ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਵੱਲੋਂ ਵਰਤਮਾਨ ਵਿੱਚ 100 ਮਿੰਨੀ ਬੱਸਾਂ ਅਤੇ 309 ਹੋਰ ਸਟੈਂਡਰਡ ਬੱਸਾਂ ਦੀ ਖਰੀਦ ਲਈ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ।
ਪਨਬੱਸ ਦੇ ਵਿਸਥਾਰ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੁੱਲ 606 ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 387 ਬੱਸਾਂ ਸਿੱਧੇ ਤੌਰ ‘ਤੇ ਆਮ ਪਨਬੱਸ ਫਲੀਟ ਵਿੱਚ ਸ਼ਾਮਲ ਹੋਣਗੀਆਂ। ਯਾਤਰੀਆਂ ਦੇ ਆਰਾਮ ਨੂੰ ਮੁੱਖ ਰੱਖਦਿਆਂ ਇਸ ਪੜਾਅ ਵਿੱਚ 19 ਪਨਬੱਸ ਵੋਲਵੋ ਬੱਸਾਂ ਅਤੇ 100 ਐਚਵੀਏਸੀ (HVAC) ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਬਾਕੀ ਰਹਿੰਦਾ ਵਾਧਾ ਕਿਲੋਮੀਟਰ ਸਕੀਮ ਤਹਿਤ 100 ਸਾਧਾਰਨ ਬੱਸਾਂ ਸ਼ਾਮਲ ਕਰਕੇ ਮੁਕੰਮਲ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਵਿਸਥਾਰ ਨਾਲ ਪੰਜਾਬ ਭਰ ਵਿੱਚ ਸੰਪਰਕ (Connectivity) ਵਿੱਚ ਕਾਫ਼ੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਰੋਜ਼ਾਨਾ ਯਾਤਰੀਆਂ ਲਈ ਸਫ਼ਰ ਵਧੇਰੇ ਆਰਾਮਦਾਇਕ ਅਤੇ ਭਰੋਸੇਮੰਦ ਹੋਵੇਗਾ। ਇਸ ਦੇ ਨਾਲ ਹੀ, ਇਹ ਪਹਿਲਕਦਮੀ ਸੂਬੇ ਦੇ ਉੱਦਮੀ ਮੌਕਿਆਂ ਨੂੰ ਹੁਲਾਰਾ ਦੇਣ ਅਤੇ ਸਰਕਾਰੀ ਮਾਲੀਏ ਵਿੱਚ ਵਾਧਾ ਕਰਨ ਵਿੱਚ ਵੀ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਲੋਮੀਟਰ ਸਕੀਮ ਅਧੀਨ ਬੱਸਾਂ ਦੇ ਮਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਵਾਹਨਾਂ ਨੂੰ ਤਿਆਰ ਕਰਵਾਉਣ ਦੀ ਛੋਟ ਵੀ ਦਿੱਤੀ ਗਈ ਹੈ।
Read More : ਰਾਵੀ ਦਰਿਆ ‘ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
