ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ’ਚ ਸਹਾਈ ਹਨ ਇਹ ਕਲਾ ਮੇਲੇ : ਉਪ ਕੁਲਪਤੀ
ਪਟਿਆਲਾ, 20 ਨਵੰਬਰ : ਪੰਜਾਬੀ ਯੂਨੀਵਰਸਿਟੀ ਦਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਅੱਜ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਸ ਮੇਲੇ ’ਚ ਛੇ ਖੇਤਰੀ ਯੁਵਕ ਮੇਲਿਆਂ ’ਚੋਂ ਜਿੱਤ ਕੇ ਆਈਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਮੇਲੇ ਦੇ ਮੁੱਖ ਸਥਾਨ ‘ਗੁਰੂ ਤੇਗ ਬਹਾਦਰ ਹਾਲ’ ਵਿਖੇ ਮੇਲੇ ਦਾ ਉਦਘਾਟਨ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ। ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ ਵੀ ਉਦਘਾਟਨੀ ਸੈਸ਼ਨ ਦੌਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਉਦਘਾਟਨੀ ਸਮਾਰੋਹ ਦੌਰਾਨ ਬੋਲਦਿਆਂ ਕਿਹਾ ਕਿ ਇਹ ਮੇਲੇ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਪਛਾਣ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਤੇ ਵਿਰਸੇ ਦੇ ਪ੍ਰਚਾਰ ਪ੍ਰਸਾਰ ਸਬੰਧੀ ਜਿਸ ਮੰਤਵ ਲਈ ਸਥਾਪਿਤ ਹੋਈ ਹੈ, ਉਹ ਕਾਰਜ ਇਨ੍ਹਾਂ ਮੇਲਿਆਂ ’ਚ ਹੁੰਦੀਆਂ ਵੱਖ-ਵੱਖ ਕਲਾਤਮਿਕ ਵੰਨਗੀਆਂ ਰਾਹੀਂ ਬਾਖ਼ੂਬੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਇਹ ਮੇਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ ਪਰ ਅੱਜ ਦੇ ਸਮੇਂ ਸਾਡੇ ਸਭ ਲਈ ਪਰਖ ਦੀ ਘੜੀ ਇਹ ਬਣੀ ਹੋਈ ਹੈ ਕਿ ਗਿਆਨ ਅਤੇ ਤਕਨਾਲੋਜੀ ਦੇ ਨਵੇਂ ਯੁੱਗ ’ਚ ਸਾਡੀ ਨਵੀਂ ਪੀੜ੍ਹੀ ਨੂੰ ਇਸ ਵਿਰਸੇ ਨਾਲ ਕਿਵੇਂ ਜੋੜ ਕੇ ਰੱਖੀਏ। ਉਨ੍ਹਾਂ ਕਿਹਾ ਇਹ ਮੇਲੇ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ’ਚ ਸਹਾਈ ਹੋ ਸਕਦੇ ਹਨ।
ਡਾਇਰੈਕਟਰ ਯੁਵਕ ਭਲਾਈ ਪ੍ਰੋ. ਭੀਮਇੰਦਰ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਇਸ ਵਾਰ ਦਾ ਮੇਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਸਮੂਹਿਕ ਸ਼ਬਦ/ਭਜਨ ਗਾਇਨ ਨਾਲ ਹੋ ਰਹੀ ਹੈ, ਜਿਸ ਦਾ ਵਿਸ਼ਾ ਇਸੇ ਨਾਲ਼ ਸਬੰਧਤ ਰੱਖਿਆ ਗਿਆ ਹੈ।
ਮੇਲੇ ਦੇ ਪਹਿਲੇ ਦਿਨ ਸਮੂਹ ਸ਼ਬਦ/ਭਜਨ ਗਾਇਨ, ਫੋਕ ਆਰਕੈਸਟਰਾ, ਲੋਕ-ਗੀਤ, ਲੋਕ ਸਾਜ਼, ਸ਼ਾਸਤਰੀ ਸੰਗੀਤ ਗਾਇਨ (ਕਲਾਸੀਕਲ ਵੋਕਲ), ਕੁਇੱਜ਼, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਕੁਇੱਜ਼, ਮਾਈਮ, ਸਕਿੱਟ, ਕਰੋਸ਼ੀਏ ਦੀ ਬੁਣਤੀ, ਨਾਲਾ ਬੁਣਨਾ, ਕਢਾਈ, ਪੱਖੀ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਪਰਾਂਦਾ ਬਣਾਉਣਾ, ਰੱਸਾ ਵੱਟਣਾ, ਟੋਕਰੀ ਬਣਾਉਣਾ, ਛਿੱਕੂ ਬਣਾਉਣਾ, ਪੀੜ੍ਹੀ ਬੁਣਨੀ, ਮਿੱਟੀ ਦੇ ਖਿਡੌਣੇ ਬਣਾਉਣਾ, ਖਿੱਦੋ ਅਤੇ ਇੰਨੂ ਬਣਾਉਣਾ ਮੁਕਾਬਲੇ ਹੋਏ। ਇਸ ਵਾਰ ਮੇਲੇ ’ਚ ਤਿੰਨ ਕਲਾ ਪ੍ਰਦਰਸ਼ਨੀਆਂ ਵੀ ਲੱਗੀਆਂ ਜੋ ਯੁਵਕ ਭਲਾਈ ਵਿਭਾਗ ਦੇ ’ਡਾ. ਦਲਜੀਤ ਸਿੰਘ ਹਾਲ’ ਦੇ ਅੰਦਰ ਅਤੇ ਬਾਹਰ ਜਾਰੀ ਹਨ।
ਉਪ ਕੁਪਪਤੀ ਡਾ. ਜਗਦੀਪ ਸਿੰਘ ਅਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਵੱਲੋਂ ਇਨ੍ਹਾਂ ਪ੍ਰਦਰਸ਼ਨੀਆਂ ਦਾ ਵੀ ਉਦਘਾਟਨ ਕੀਤਾ ਗਿਆ। ਮੁੱਖ ਸਟੇਜ ’ਤੇ ਬਾਅਦ ਦੁਪਹਿਰ ਦੇ ਸੈਸ਼ਨ ਵਿਚ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਅਤੇ ਕੰਟਰੋਲਰ ਡਾ. ਮਨੀਸ਼ ਕਪੂਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਯੁਵਕ ਭਲਾਈ ਵਿਭਾਗ ਦੇ ਕਰਮਚਾਰੀ ਡਾ. ਹਰਿੰਦਰ ਹੁੰਦਲ ਅਤੇ ਡਾ. ਡੈਨੀ ਸ਼ਰਮਾ ਨੇ ਦੱਸਿਆ ਕਿ ਚਾਰੋਂ ਦਿਨ ਯੂਨੀਵਰਸਿਟੀ ਕੈਂਪਸ ਦੇ ਪੰਜ ਵੱਖ-ਵੱਖ ਥਾਵਾਂ ’ਤੇ ਹੋਣ ਵਾਲੀਆਂ ਵੱਖ-ਵੱਖ ਕਲਾਤਮਿਕ ਵੰਨਗੀਆਂ ਦੇ ਮੁਕਾਬਲਿਆਂ ਦੇ ਨਤੀਜੇ ਇਸ ਵਾਰ ਆਖ਼ਰੀ ਦਿਨ ਐਲਾਨੇ ਜਾਣੇ ਹਨ।
Read More : 350ਵੇਂ ਸ਼ਹੀਦੀ ਦਿਹਾੜੇ ਸਬੰਧੀ ਨਗਰ ਕੀਰਤਨ ਸ਼੍ਰੀਨਗਰ ਤੋਂ ਪਠਾਨਕੋਟ ਲਈ ਰਵਾਨਾ
