ਜਾਨੋਂ ਮਾਰਨ ਦੀ ਮਿਲੀ ਧਮਕੀ; ਮੋਹਾਲੀ ਪੁਲਸ ਨੇ ਸ਼ਿਕਾਇਤ ਮਿਲਣ ਮਗਰੋਂ ਜਾਂਚ ਕੀਤੀ ਤੇਜ਼
ਮੋਹਾਲੀ, 14 ਫਰਵਰੀ : ਪੰਜਾਬ ਦੀ ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਤੋਂ ਬਾਅਦ ਹੁਣ ਪੰਜਾਬੀ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਨਾ ਨੂੰ ਬਦਮਾਸ਼ਾਂ ਵੱਲੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹਿਮਾਂਸ਼ੀ ਖੁਰਾਨਾ ਨੂੰ ਅੱਜ ਧਮਕੀ ਭਰਿਆ ਫ਼ੋਨ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਧਮਕੀ ਭਰੇ ਫ਼ੋਨ ’ਚ ਬਦਮਾਸ਼ਾਂ ਨੇ ਅਦਾਕਾਰਾ ਨੂੰ ਪੈਸੇ ਨਾ ਦੇਣ ’ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਕਾਲ ਵੇਰਵਿਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਸੁਰੱਖਿਆ ਪ੍ਰਬੰਧਾਂ ਅਤੇ ਜਾਂਚ ਦੀ ਗਤੀ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਨਾ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਸਾਲ 2011 ’ਚ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਹਿਮਾਂਸ਼ੀ ਨੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ “ਸਾਡਾ ਹੱਕ” ਵਰਗੀਆਂ ਫ਼ਿਲਮਾਂ ਤੇ “ਸੋਚ” ਵਰਗੇ ਸੁਪਰਹਿੱਟ ਗੀਤਾਂ ਨਾਲ ਵੱਡੀ ਪਛਾਣ ਬਣਾਈ। ਉਹ ‘ਬਿੱਗ ਬੌਸ-13’ ’ਚ ਹਿੱਸਾ ਲੈਣ ਤੋਂ ਬਾਅਦ ਕਾਫੀ ਚਰਚਾ ’ਚ ਰਹੀ ਹੈ।
Read More : ਪੰਨੂ ਕਤਲ ਸਾਜ਼ਿਸ਼ ਮਾਮਲਾ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਦੀ ਕੈਦ
