ਕਿਹਾ-ਅਦਾਲਤੀ ਫੈਸਲਾ ਸੱਚ ਦੀ ਜਿੱਤ, ਹੁਣ ਪੰਜਾਬ ਤੋਂ ਸ਼ੁਰੂ ਹੋਵੇਗਾ ਕੌਮੀ ਜਿੱਤ ਦਾ ਮਾਰਚ
ਨਵੀਂ ਦਿੱਲੀ/ਚੰਡੀਗੜ੍ਹ, 1 ਮਾਰਚ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਸ਼ਾਲ ‘ਸੱਚਾਈ ਦੀ ਜਿੱਤ’ ਜਨਤਕ ਰੈਲੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਿੱਧੀ ਰਾਜਨੀਤਿਕ ਚੁਣੌਤੀ ਦਿੱਤੀ।
ਅਦਾਲਤ ਵੱਲੋਂ ਪਾਰਟੀ ਲੀਡਰਸ਼ਿਪ ਨੂੰ ਮਿਲੀ ਰਾਹਤ ਤੋਂ ਬਾਅਦ ਉਤਸ਼ਾਹਿਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ 2027 ਦੀਆਂ ਚੋਣਾਂ ਵਿੱਚ ‘ਆਪ’ ਦੀ ਝੋਲੀ 100 ਸੀਟਾਂ ਪਾ ਕੇ ਦੇਸ਼ ਭਰ ਵਿੱਚ ਇੱਕ ਨਵੇਂ ਬਦਲਾਅ ਦੇ ਯੁੱਗ ਦਾ ਆਗਾਜ਼ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵੀ ਤਾਨਾਸ਼ਾਹੀ ਅੱਗੇ ਨਹੀਂ ਝੁਕਿਆ ਅਤੇ ਬੇਇਨਸਾਫ਼ੀ ਦਾ ਜਵਾਬ ਹਮੇਸ਼ਾ ਵੱਡੇ ਲੋਕ ਫਤਵੇ ਨਾਲ ਦਿੱਤਾ ਜਾਵੇਗਾ।
ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਪੰਜਾਬ ਦੇ ਰਾਹ ਵਿੱਚ ਵਿੱਤੀ ਅੜਿੱਕੇ ਡਾਹੁਣ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ 8,000 ਕਰੋੜ ਰੁਪਏ ਦੇ ਆਰਡੀਐਫ (RDF) ਫੰਡ ਅਤੇ ਜੀਐਸਟੀ ਦਾ ਬਕਾਇਆ ਜਾਣਬੁੱਝ ਕੇ ਰੋਕਿਆ ਗਿਆ ਹੈ। ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਐਲਾਨੀ ਗਈ 1,600 ਕਰੋੜ ਰੁਪਏ ਦੀ ਰਾਹਤ ਰਾਸ਼ੀ ਵਿੱਚੋਂ ਇੱਕ ਪੈਸਾ ਨਾ ਦੇਣ ‘ਤੇ ਬੋਲਦਿਆਂ ਉਨ੍ਹਾਂ ਕਿਹਾ, “ਸਿੰਘਾਸਨ ‘ਤੇ ਬੈਠੇ ਲੋਕ ਯਾਦ ਰੱਖਣ ਕਿ ਉਹ ਕਿਰਾਏਦਾਰ ਹਨ, ਮਾਲਕ ਨਹੀਂ। ਇਹ ਦੇਸ਼ ਕਿਸੇ ਦੇ ਬਾਪ ਦੀ ਨਿੱਜੀ ਜਾਗੀਰ ਨਹੀਂ ਹੈ।”
ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਆਪ’ ਨੇ ਦੇਸ਼ ਦੀ ਰਾਜਨੀਤੀ ਨੂੰ ਜਾਤ ਅਤੇ ਧਰਮ ਦੇ ਨਫ਼ਰਤੀ ਏਜੰਡੇ ਤੋਂ ਮੋੜ ਕੇ ਸਕੂਲ, ਹਸਪਤਾਲ, ਮੁਫ਼ਤ ਬਿਜਲੀ ਅਤੇ ਰੋਜ਼ਗਾਰ ‘ਤੇ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਦਿੱਲੀ ਅਤੇ ਪੰਜਾਬ ਵਿੱਚ ਸਰਕਾਰੀ ਸੇਵਾਵਾਂ ਵਿੱਚ ਸੁਧਾਰ ਹੋਇਆ ਅਤੇ ਪ੍ਰਾਈਵੇਟ ਸੈਕਟਰ ਦਾ ਦਬਦਬਾ ਘਟਣ ਲੱਗਾ, ਤਾਂ ਵਿਰੋਧੀਆਂ ਨੇ ਸਾਜ਼ਿਸ਼ਾਂ ਰਚ ਕੇ ਪੂਰੀ ਉੱਚ-ਪੱਧਰੀ ਲੀਡਰਸ਼ਿਪ ਨੂੰ ਜੇਲ੍ਹ ਭੇਜ ਦਿੱਤਾ। ਪਰ ‘ਆਪ’ ਹਰ ਸੰਕਟ ਤੋਂ ਬਾਅਦ ਪਹਿਲਾਂ ਨਾਲੋਂ ਚਾਰ ਗੁਣਾ ਮਜ਼ਬੂਤ ਹੋ ਕੇ ਉੱਭਰੀ ਹੈ।
ਪੰਜਾਬ ਦੇ ਦੇਸ਼ ਪ੍ਰਤੀ ਯੋਗਦਾਨ ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਤਾਂ ਪੰਜਾਬੀਆਂ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਜਦੋਂ ਆਜ਼ਾਦੀ ਦੀ ਲੋੜ ਸੀ ਤਾਂ 90 ਫੀਸਦੀ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਵੀ ਸਰਹੱਦ ‘ਤੇ ਪਹਿਲੀ ਗੋਲੀ ਦਾ ਸਾਹਮਣਾ ਪੰਜਾਬੀ ਗੱਭਰੂ ਹੀ ਕਰਦੇ ਹਨ। ਉਨ੍ਹਾਂ ਨੇ ਭਾਜਪਾ ਨੂੰ ਚੇਤਾਵਨੀ ਦਿੱਤੀ ਕਿ ਪੰਜਾਬੀ ਹਮੇਸ਼ਾ ਸੱਚਾਈ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਵੀ ਸਾਜ਼ਿਸ਼ ਰਾਹੀਂ ਉਨ੍ਹਾਂ ਦੇ ਹੌਸਲੇ ਨਹੀਂ ਤੋੜੇ ਜਾ ਸਕਦੇ।
ਰੈਲੀ ਦੀ ਸਮਾਪਤੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 2027 ਵਿੱਚ ਪੰਜਾਬ ਤੋਂ ਸ਼ੁਰੂ ਹੋਣ ਵਾਲਾ ਜਿੱਤ ਦਾ ਮਾਰਚ ਪੂਰੇ ਦੇਸ਼ ਵਿੱਚ ਫੈਲੇਗਾ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਘਰ-ਘਰ ਜਾ ਕੇ ਇਹ ਸੁਨੇਹਾ ਦੇਣ ਕਿ ਇਹ ਜਿੱਤ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਦੀ ਜਿੱਤ ਹੈ। ਉਨ੍ਹਾਂ ਦੀ ਇਹ ਟਿੱਪਣੀ ਸਪੱਸ਼ਟ ਸੰਕੇਤ ਹੈ ਕਿ ‘ਆਪ’ ਆਉਣ ਵਾਲੀਆਂ ਚੋਣਾਂ ਨੂੰ ਸਿਰਫ਼ ਰਾਜਸੀ ਜੰਗ ਵਜੋਂ ਨਹੀਂ, ਸਗੋਂ ਤਾਨਾਸ਼ਾਹੀ ਵਿਰੁੱਧ ਇੱਕ ਲੋਕ ਲਹਿਰ ਵਜੋਂ ਲੜੇਗੀ।
Read More : ਰਣਜੀਤ ਸਿੰਘ ਐਨਕਾਊਂਟਰ ਮਾਮਲੇ ’ਚ ਜਥੇਬੰਦੀਆਂ ਨੇ ਜਾਮ ਕੀਤਾ ਨੈਸ਼ਨਲ ਹਾਈਵੇ
