ਹੁਸ਼ਿਆਰਪੁਰ ‘ਚ ਸ਼ਹੀਦ ਊਧਮ ਸਿੰਘ ਮੈਡੀਕਲ ਕਾਲਜ ਦੀ ਉਸਾਰੀ 20 ਮਾਰਚ ਤੋਂ ਹੋਵੇਗੀ ਸ਼ੁਰੂ : ਡਾ. ਬਲਬੀਰ ਸਿੰਘ
ਚੰਡੀਗੜ੍ਹ, 6 ਮਾਰਚ : ਪੰਜਾਬ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬੇ ਵਿੱਚ 7 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ‘ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ ਦੀ ਉਸਾਰੀ 20 ਮਾਰਚ ਤੋਂ ਸ਼ੁਰੂ ਹੋ ਜਾਵੇਗੀ।
ਇਹਨਾਂ ਨਵੇਂ ਕਾਲਜਾਂ ਦੇ ਬਣਨ ਨਾਲ ਪੰਜਾਬ ਵਿੱਚ MBBS ਦੀਆਂ 600 ਸੀਟਾਂ ਦਾ ਵਾਧਾ ਹੋਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਦੇ ਬੱਚਿਆਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਜਾਂ ਚੀਨ ਵਰਗੇ ਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਉਨ੍ਹਾਂ ਨੂੰ ਆਪਣੇ ਸੂਬੇ ਵਿੱਚ ਹੀ ਵਧੀਆ ਸਿੱਖਿਆ ਮਿਲੇਗੀ। ਹੁਸ਼ਿਆਰਪੁਰ ਦਾ ਇਹ ਮੈਡੀਕਲ ਕਾਲਜ ਅਤੇ 300 ਬਿਸਤਰਿਆਂ ਦਾ ਹਸਪਤਾਲ ਅਗਲੇ ਦੋ ਸਾਲਾਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ।
ਸਰਕਾਰ ਵੱਲੋਂ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਸਰਕਾਰੀ ਕਾਲਜ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੰਗਰੂਰ, ਐਸ.ਬੀ.ਐਸ. ਨਗਰ, ਲਹਿਰਾਗਾਗਾ, ਮਲੇਰਕੋਟਲਾ ਅਤੇ ਲੁਧਿਆਣਾ ਦੇ ਨੇੜੇ ਵੀ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਖ਼ਾਸ ਗੱਲ ਇਹ ਹੈ ਕਿ ਸਰਕਾਰ ਨੇ ਹੁਸ਼ਿਆਰਪੁਰ ਕਾਲਜ ਦੀ ਲਾਗਤ ਨੂੰ 550 ਕਰੋੜ ਤੋਂ ਘਟਾ ਕੇ 274 ਕਰੋੜ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਦੇ 250 ਕਰੋੜ ਰੁਪਏ ਦੀ ਬਚਤ ਹੋਈ ਹੈ।
ਇਸ ਮੌਕੇ ਸਿਹਤ ਮੰਤਰੀ ਦੇ ਨਾਲ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਐਮ.ਡੀ. ਅਮਿਤ ਤਲਵਾੜ ਅਤੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਵੀ ਮੌਜੂਦ ਸਨ। ਸਰਕਾਰ ਦਾ ਦਾਅਵਾ ਹੈ ਕਿ ਇਹ ਕਦਮ ਪੰਜਾਬ ਨੂੰ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਏਗਾ।
Read More : ਮੱਧ ਪੂਰਬ ਸੰਕਟ: ਫਸੇ ਪੰਜਾਬੀਆਂ ਦੀ ਮਦਦ ਲਈ ਮਾਨ ਸਰਕਾਰ ਨੇ ਖੋਲ੍ਹੀ 24 ਘੰਟੇ ਹੈਲਪਲਾਈਨ
