ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਉਪਰਾਲਾ
ਚੰਡੀਗੜ੍ਹ, 21 ਫਰਵਰੀ : ਹਰ ਸਾਲ 21 ਫਰਵਰੀ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਅੱਜ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਵੱਲੋਂ ਇੱਕ ਵਿਸ਼ੇਸ਼ ਸਾਹਿਤਕ ਪੱਤਰ (ਬਰੋਸ਼ਰ) ਜਾਰੀ ਕੀਤਾ ਗਿਆ। ਇਸ ਮੌਕੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਵਰਿੰਦਰਜੀਤ ਸਿੰਘ ਬਿਲਿੰਗ, ਡਾ. ਭੁਪਿੰਦਰ ਸਿੰਘ ਬਾਠ, ਸੰਦੀਪ ਸਿੰਘ ਧਾਲੀਵਾਲ, ਪੂਜਾ ਗੁਪਤਾ ਅਤੇ ਵਧੀਕ ਮੁੱਖ ਸਕੱਤਰ ਡੀ.ਕੇ. ਤਿਵਾੜੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਇਹ ਸਾਹਿਤਕ ਪੱਤਰ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਸਾਲ 2026 ਦੇ ਮੁੱਖ ਵਿਸ਼ੇ ‘ਬਹੁ-ਭਾਸ਼ਾਈ ਸਿੱਖਿਆ ‘ਤੇ ਨੌਜਵਾਨਾਂ ਦੀ ਆਵਾਜ਼’ ਨੂੰ ਉਜਾਗਰ ਕਰਦਾ ਹੈ। ਇਹ ਪੱਤਰ ਸਮਾਜ ਵਿੱਚ ਮਾਂ ਬੋਲੀ ਪੰਜਾਬੀ ਦੀ ਸ਼ਾਨ ਬਹਾਲ ਕਰਨ ਅਤੇ ਇਸ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਲੋੜ ‘ਤੇ ਜ਼ੋਰ ਦਿੰਦਾ ਹੈ।
ਹਰਪ੍ਰੀਤ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਤਸਵੀਰਾਂ ਸਹਿਤ ਪੱਤਰ ਨੈਲਸਨ ਮੰਡੇਲਾ ਦੇ ਉਨ੍ਹਾਂ ਕੀਮਤੀ ਬੋਲਾਂ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤਾ ਹੈ ਕਿ “ਜੇ ਤੁਸੀਂ ਕਿਸੇ ਵਿਅਕਤੀ ਨਾਲ ਉਸ ਭਾਸ਼ਾ ਵਿੱਚ ਗੱਲ ਕਰਦੇ ਹੋ ਜੋ ਉਹ ਸਮਝਦਾ ਹੈ, ਤਾਂ ਉਹ ਗੱਲ ਉਸ ਦੇ ਦਿਮਾਗ ਤੱਕ ਜਾਂਦੀ ਹੈ, ਪਰ ਜੇ ਤੁਸੀਂ ਉਸ ਨਾਲ ਉਸ ਦੀ ਮਾਂ ਬੋਲੀ ਵਿੱਚ ਗੱਲ ਕਰਦੇ ਹੋ, ਤਾਂ ਉਹ ਸਿੱਧੀ ਉਸ ਦੇ ਦਿਲ ਤੱਕ ਪਹੁੰਚਦੀ ਹੈ।”
ਵਧੀਕ ਮੁੱਖ ਸਕੱਤਰ ਡੀ.ਕੇ. ਤਿਵਾੜੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਇੱਕ ਸਾਰਥਕ ਕਦਮ ਦੱਸਿਆ। ਇਸ ਦੌਰਾਨ ਸਮੂਹ ਰਾਜ ਸੂਚਨਾ ਕਮਿਸ਼ਨਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਬੋਲੀ ਸਾਡੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਦੀ ਰੂਹ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਤ ਭਾਸ਼ਾ ਨੂੰ ਸੰਭਾਲ ਕੇ ਹੀ ਅਸੀਂ ਆਪਣੀ ਅਮੀਰ ਵਿਰਾਸਤ ਦਾ ਸਨਮਾਨ ਕਰ ਸਕਦੇ ਹਾਂ ਅਤੇ ਇਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਦੇ ਹਾਂ।
Read More : ਰਾਜਪੁਰਾ ਵਿਚ 1,500 ਕਰੋੜ ਦੀ ਲਾਗਤ ਨਾਲ ਸਟੀਲ ਪਲਾਂਟ ਲਗਾਏਗਾ ਜੇ.ਐੱਸ.ਡਬਲਯੂ. ਗਰੁੱਪ
