ਭੁਵਨੇਸ਼ ਚੋਪੜਾ

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰ ਕੇ ਭਗੌੜੇ ਭੁਵਨੇਸ਼ ਚੋਪੜਾ ਨੂੰ ਵਿਦੇਸ਼ ਤੋਂ ਲਿਆਂਦਾ ਵਾਪਸ

ਡਿਪੋਰਟ ਹੋ ਕੇ ਦਿੱਲੀ ਪੁੱਜਦੇ ਸਾਰ ਹੀ ਗ੍ਰਿਫ਼ਤਾਰ; ਤੀਹਰੇ ਕਤਲ ਕਾਂਡ ਅਤੇ ਨਸ਼ਾ ਤਸਕਰੀ ਦਾ ਹੈ ਮੁੱਖ ਮੁਲਜ਼ਮ

ਚੰਡੀਗੜ੍ਹ, 12 ਮਾਰਚ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕਈ ਘਿਨੌਣੇ ਅਪਰਾਧਾਂ ’ਚ ਸ਼ਾਮਲ ਭਗੌੜੇ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਨੂੰ ਮੱਧ ਏਸ਼ੀਆਈ ਦੇਸ਼ ਤੋਂ ਡਿਪੋਰਟ ਕਰਵਾ ਕੇ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਦੇ ਸਾਰ ਹੀ ਹਿਰਾਸਤ ’ਚ ਲੈ ਲਿਆ ਗਿਆ।

ਡੀ.ਜੀ.ਪੀ. ਨੇ ਦੱਸਿਆ ਕਿ ਭੁਵਨੇਸ਼ ਚੋਪੜਾ ਦੀਆਂ ਗਤੀਵਿਧੀਆਂ ਨੂੰ ਟਰੈਕ ਕਰਨ ਲਈ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਅਤੇ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਨਿਰੰਤਰ ਅੰਤਰਰਾਸ਼ਟਰੀ ਤਾਲਮੇਲ ਸਦਕਾ ਇਕ ਮੱਧ ਏਸ਼ੀਆਈ ਦੇਸ਼ ’ਚ ਉਸ ਦੇ ਟਿਕਾਣੇ ਨੂੰ ਟ੍ਰੇਸ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਭੁਵਨੇਸ਼ ਚੋਪੜਾ ਅਗਸਤ 2024 ’ਚ ਫ਼ਿਰੋਜ਼ਪੁਰ ’ਚ ਹੋਏ ਸਨਸਨੀਖ਼ੇਜ਼ ਤੀਹਰੇ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਸੀ। ਇਸ ਹਮਲੇ ’ਚ ਦਿਲਦੀਪ ਸਿੰਘ ਸਮੇਤ ਇਕ ਕੁੜੀ ਅਤੇ ਇਕ ਹੋਰ ਵਿਅਕਤੀ ਦੀ ਜਾਨ ਚਲੀ ਗਈ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਤੋਂ ਪੰਜਾਬ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਚ ਵੀ ਸ਼ਾਮਲ ਸੀ। ਉਸ ਵਿਰੁੱਧ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਪਟਿਆਲਾ ਜ਼ਿਲਾ ਪੁਲਿਸ ਕੋਲ ਘੱਟੋ-ਘੱਟ 9 ਗੰਭੀਰ ਮਾਮਲੇ ਦਰਜ ਹਨ।

ਪੁਲਿਸ ਅਧਿਕਾਰੀਆਂ ਅਨੁਸਾਰ ਚੋਪੜਾ ਦੀ ਗ੍ਰਿਫ਼ਤਾਰੀ ਨਾਲ ਸਰਹੱਦੀ ਜ਼ਿਲ੍ਹਿਆਂ ’ਚ ਨਸ਼ੀਲੇ ਪਦਾਰਥਾਂ ਦੇ ਲੌਜਿਸਟਿਕਸ ਨੈੱਟਵਰਕ ਨੂੰ ਵੱਡਾ ਝਟਕਾ ਲੱਗੇਗਾ ਅਤੇ ਸਰਹੱਦ ਪਾਰੋਂ ਹੋ ਰਹੀ ਤਸਕਰੀ ਦੇ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Read More : ਰੋਟਾਵੇਟਰ ਦੀ ਲਪੇਟ ’ਚ ਆਉਣ ਕਾਰਨ 14 ਸਾਲਾ ਲੜਕੇ ਦੀ ਮੌਤ

Leave a Reply

Your email address will not be published. Required fields are marked *