ਰਾਜਪਾਲ ਵੱਲੋਂ ਮੁਕੇਰੀਆਂ ’ਚ ‘ਮਾਵਾਂ ਨਸ਼ਿਆਂ ਦੇ ਖ਼ਿਲਾਫ਼’ ਮੁਹਿੰਮ ਤਹਿਤ ਵਿਸ਼ਾਲ ਪੈਦਲ ਮਾਰਚ ਦੀ ਅਗਵਾਈ
ਮੁਕੇਰੀਆਂ, 23 ਫਰਵਰੀ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ ਸਮਾਜ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਅੱਜ ਮੁਕੇਰੀਆਂ ’ਚ ‘ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ’ ਦੀ ਅਗਵਾਈ ਕੀਤੀ। ‘ਮਾਵਾਂ ਨਸ਼ਿਆਂ ਦੇ ਖ਼ਿਲਾਫ਼’ ਵਿਸ਼ੇ ’ਤੇ ਕੱਢੀ ਗਈ ਇਸ ਯਾਤਰਾ ’ਚ ਰਾਜਨੀਤਿਕ, ਪ੍ਰਸ਼ਾਸਨਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ, ਜਿਸ ਨਾਲ ਇਹ ਮੁਹਿੰਮ ਇਕ ਜਨ ਅੰਦੋਲਨ ਦਾ ਰੂਪ ਲੈਂਦੀ ਨਜ਼ਰ ਆਈ।
ਰਾਜਪਾਲ ਕਟਾਰੀਆ ਨੇ ਸਵੇਰੇ 10:20 ਵਜੇ ਤਹਿਸੀਲ ਕੰਪਲੈਕਸ ਤੋਂ ਗੁਬਾਰੇ ਛੱਡ ਕੇ ਅਤੇ ਮਸ਼ਾਲ ਜਗਾ ਕੇ ਇਸ ਮਾਰਚ ਦੀ ਸ਼ੁਰੂਆਤ ਕੀਤੀ। 3 ਕਿਲੋਮੀਟਰ ਲੰਬੀ ਇਹ ਯਾਤਰਾ ਦਸ਼ਮੇਸ਼ ਗਰਲਜ਼ ਕਾਲਜ, ਚੱਕ ਅੱਲਾ ਬਖ਼ਸ਼ ਵਿਖੇ ਸਮਾਪਤ ਹੋਈ। ਕਾਲਜ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ।
ਰਾਜਪਾਲ ਨੇ ਕਿਹਾ ਕਿ ਪੰਜਾਬ ਬਹਾਦਰਾਂ ਦਾ ਦੇਸ਼ ਹੈ ਅਤੇ ਕੁਰਬਾਨੀ ਦਾ ਜਜ਼ਬਾ ਸਾਨੂੰ ਇਸੇ ਧਰਤੀ ਤੋਂ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਅੱਜ ਬਹਾਦਰਾਂ ਦਾ ਪੰਜਾਬ ਨਸ਼ਿਆਂ ਕਾਰਨ ਜ਼ਖ਼ਮੀ ਹੋ ਚੁੱਕਾ ਹੈ ਅਤੇ ਇਸ ਨੂੰ ਇਸ ਦਲਦਲ ਚੋਂ ਬਾਹਰ ਕੱਢਣਾ ਸਾਡੀ ਸਭ ਦੀ ਮੁਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਿਕ ਜਦੋਂ ਤੱਕ ਹਰ ਨੌਜਵਾਨ ਇਸ ਮੁਹਿੰਮ ਨਾਲ ਨਹੀਂ ਜੁੜ ਜਾਂਦਾ, ਇਹ ਯਤਨ ਜਾਰੀ ਰਹਿਣਗੇ।
ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸ.ਐੱਸ.ਪੀ. ਸੰਦੀਪ ਮਲਿਕ, ਐੱਸ.ਡੀ.ਐੱਮ. ਓਈਸ਼ੀ ਮੰਡਲ, ਜਥੇਦਾਰ ਰਵਿੰਦਰ ਸਿੰਘ ਚੱਕ, ਲੇਖਕ ਖ਼ੁਸ਼ਵੰਤ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
Read More : ਆਦੀਆਂ ਚੌਕੀ ’ਤੇ ਸ਼ਹੀਦ ਹੋਏ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 2-2 ਕਰੋੜ ਰੁਪਏ ਦੀ ਮਿਲੇਗੀ ਸਹਾਇਤਾ
