ਵਿੱਤ ਮੰਤਰੀ ਚੀਮਾ

ਪੰਜਾਬ ਸਰਕਾਰ ਨੇ ਟੈਕਸ ਚੋਰੀ ਦੇ 1,137 ਕਰੋੜ ਰੁਪਏ ਕੀਤੇ ਵਸੂਲ : ਵਿੱਤ ਮੰਤਰੀ ਚੀਮਾ

ਵਿੱਤੀ ਸਾਲ 2025-26 ‘ਚ ਇਨਫੋਰਸਮੈਂਟ ਦੇ ਖੇਤਰ ‘ਚ ਰਿਕਾਰਡ ਨਤੀਜੇ; ਧੋਖੇਬਾਜ਼ ਬਿਲਿੰਗ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ 15 ਮੁਲਜ਼ਮ ਕੀਤੇ ਗ੍ਰਿਫ਼ਤਾਰ

ਚੰਡੀਗੜ੍ਹ, 6 ਅਪ੍ਰੈਲ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਦੌਰਾਨ ਇਨਫੋਰਸਮੈਂਟ ਦੇ ਖੇਤਰ ਵਿੱਚ ਰਿਕਾਰਡ ਨਤੀਜੇ ਪ੍ਰਾਪਤ ਕੀਤੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਸ ਦੀਆਂ ਖੁਫੀਆ ਜਾਣਕਾਰੀ ਅਧਾਰਤ ਕਾਰਵਾਈਆਂ ਸਦਕਾ ਕਰ ਵਿਭਾਗ ਨੇ 1,383.11 ਕਰੋੜ ਰੁਪਏ ਦੇ ਭਾਰੀ ਜੁਰਮਾਨੇ ਲਗਾਏ, ਜਿਨ੍ਹਾਂ ਵਿੱਚੋਂ 1,137.85 ਕਰੋੜ ਰੁਪਏ ਪਹਿਲਾਂ ਹੀ ਵਸੂਲ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਨਿਰੀਖਣ-ਅਧਾਰਤ ਇਨਫੋਰਸਮੈਂਟ ਨੇ ਇਸ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾਈ, ਜਿਸ ਵਿੱਚ 1,215.95 ਕਰੋੜ ਰੁਪਏ ਦਾ ਜੁਰਮਾਨਾ ਅਤੇ 972.15 ਕਰੋੜ ਰੁਪਏ ਦੀ ਅਸਲ ਵਸੂਲੀ ਸ਼ਾਮਲ ਹੈ। ਇਸ ਦੇ ਨਾਲ ਹੀ ਸੜਕੀ ਚੈਕਿੰਗ ਮੁਹਿੰਮਾਂ ਨੇ 165.71 ਕਰੋੜ ਰੁਪਏ ਦਾ ਯੋਗਦਾਨ ਪਾਇਆ। ਸਾਲ 2024-25 ਦੇ ਮੁਕਾਬਲੇ ਇਹ ਭਾਰੀ ਵਾਧਾ ਸੂਬੇ ਦੀ ਖੋਜ ਅਤੇ ਵਿੱਤੀ ਵਸੂਲੀ ਦੀ ਸਮਰੱਥਾ ਵਿੱਚ ਆਏ ਵੱਡੇ ਬਦਲਾਅ ਨੂੰ ਦਰਸਾਉਂਦਾ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਟੈਕਸ ਵਿਭਾਗ ਨੇ ਸਾਲ ਭਰ ਵਿੱਚ 8 ਐਫ.ਆਈ.ਆਰ. ਦਰਜ ਕੀਤੀਆਂ ਅਤੇ 15 ਗ੍ਰਿਫਤਾਰੀਆਂ ਕੀਤੀਆਂ। ਦੋ ਪ੍ਰਮੁੱਖ ਮਾਮਲਿਆਂ ਵਿੱਚ 7 ਵਿਅਕਤੀ ਸ਼ਾਮਲ ਸਨ, ਜਿੱਥੇ 385 ਕਰੋੜ ਰੁਪਏ ਦੇ ਧੋਖੇਬਾਜ਼ ਲੈਣ-ਦੇਣ ਦਾ ਪਰਦਾਫਾਸ਼ ਹੋਇਆ। ਇਨ੍ਹਾਂ ਕਾਰਵਾਈਆਂ ਨੇ ਮਾਲ ਦੀ ਸਪਲਾਈ ਤੋਂ ਬਿਨਾਂ ਫਰਜ਼ੀ ਇਨਵੌਇਸ ਜਾਰੀ ਕਰਨ ਵਾਲੀਆਂ ਫਰਮਾਂ ਦੁਆਰਾ ਕੀਤੀ 69.57 ਕਰੋੜ ਰੁਪਏ ਦੀ ਟੈਕਸ ਚੋਰੀ ਫੜੀ ਹੈ। ਬਠਿੰਡਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਕਾਰਵਾਈਆਂ ਹੋਈਆਂ ਹਨ, ਜਿਸ ਵਿੱਚ ਲੁਧਿਆਣਾ ਦੇ ਇੱਕ ਮਾਲਕ ਨੂੰ 9 ਕਰੋੜ ਰੁਪਏ ਦੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਪਾਸ ਕਰਨ ਲਈ ਗ੍ਰਿਫਤਾਰ ਕੀਤਾ ਗਿਆ।

ਜਾਂਚ ਦੌਰਾਨ ਲੁਧਿਆਣਾ ਵਿੱਚ ਸੋਨੇ ਦੇ ਲੈਣ-ਦੇਣ ਵਿੱਚ 900 ਕਰੋੜ ਰੁਪਏ ਦੀ ਜਾਅਲੀ ਬਿਲਿੰਗ, ਮੋਹਾਲੀ, ਖਰੜ ਅਤੇ ਕੋਟਕਪੂਰਾ ਵਿੱਚ ਨਜਾਇਜ਼ ਕੋਲੇ ਦੇ ਲੈਣ-ਦੇਣ ਵਿੱਚ 226 ਕਰੋੜ ਰੁਪਏ ਅਤੇ ਲੁਧਿਆਣਾ-ਮੰਡੀ ਗੋਬਿੰਦਗੜ੍ਹ ਵਿੱਚ 423 ਕਰੋੜ ਰੁਪਏ ਦੇ ਬੋਗਸ ਬਿਲਿੰਗ ਨੈੱਟਵਰਕ ਸ਼ਾਮਲ ਹਨ। ਇਸ ਤੋਂ ਇਲਾਵਾ ‘ਪੇਟ ਪੂਜਾ ਐਪ’ ਨਾਲ ਜੁੜੇ 200 ਕਰੋੜ ਰੁਪਏ ਦੇ ਘੁਟਾਲੇ ਦਾ ਵੀ ਪਰਦਾਫਾਸ਼ ਕੀਤਾ ਗਿਆ।

ਵੈਰੀਫਿਕੇਸ਼ਨ ਮੁਹਿੰਮ ਦੌਰਾਨ 1,579 ਸ਼ੱਕੀ ਡੀਲਰਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚੋਂ 922 ਸੰਸਥਾਵਾਂ ਦਾ ਕੋਈ ਵਜੂਦ ਨਹੀਂ ਪਾਇਆ ਗਿਆ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ। ਮਜ਼ਬੂਤ ਕੰਟਰੋਲ ਉਪਾਵਾਂ ਰਾਹੀਂ 244.82 ਕਰੋੜ ਰੁਪਏ ਦੇ ਆਈ.ਟੀ.ਸੀ. ਨੂੰ ਬਲਾਕ ਕੀਤਾ ਗਿਆ ਅਤੇ ਕੁੱਲ ਮਿਲਾ ਕੇ ਸੂਬੇ ਦੇ ਫੰਡਾਂ ਵਿੱਚ 451.46 ਕਰੋੜ ਰੁਪਏ ਬਚਾਏ ਗਏ।

ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਇੱਕੋ ਦਿਨ ਰਿਕਾਰਡ 141 ਵਾਹਨ ਜ਼ਬਤ ਕੀਤੇ ਗਏ। ਰੇਲਵੇ ਸਟੇਸ਼ਨਾਂ ਅਤੇ ਪ੍ਰਮੁੱਖ ਟਰਾਂਜ਼ਿਟ ਪੁਆਇੰਟਾਂ ‘ਤੇ ਵੀ ਚੈਕਿੰਗ ਸਖ਼ਤ ਕੀਤੀ ਗਈ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਧੁਨਿਕ ਡਾਟਾ ਵਿਸ਼ਲੇਸ਼ਣ, ਰੀਅਲ-ਟਾਈਮ ਈ-ਵੇਅ ਬਿੱਲ ਟ੍ਰੈਕਿੰਗ ਅਤੇ ‘ਬਿੱਲ ਲਿਆਓ ਇਨਾਮ ਪਾਓ’ ਵਰਗੀਆਂ ਸਕੀਮਾਂ ਨੇ ਇਸ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਮਾਨਦਾਰ ਟੈਕਸ ਦਾਤਿਆਂ ਦੀ ਰੱਖਿਆ ਅਤੇ ਟੈਕਸ ਚੋਰਾਂ ਨੂੰ ਨੱਥ ਪਾਉਣ ਲਈ ਅਜਿਹੀਆਂ ਕਾਰਵਾਈਆਂ ਹੋਰ ਤੇਜ਼ੀ ਨਾਲ ਜਾਰੀ ਰਹਿਣਗੀਆਂ।

Read More : ਵਿਧਾਇਕ ਪਠਾਣਮਾਜਰਾ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ

Leave a Reply

Your email address will not be published. Required fields are marked *