Sunil Jakhar

ਹੰਕਾਰ ’ਚ ਚੂਰ ਹੈ ਪੰਜਾਬ ਸਰਕਾਰ : ਸੁਨੀਲ ਜਾਖੜ

ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਦਾ ਆਡਿਟ ਕਰਾਉਣ ਲਈ ਕੇਂਦਰ ਸਰਕਾਰ ਨੂੰ ਲਿਖਾਂਗੇ ਪੱਤਰ

ਲੁਧਿਆਣਾ, 4 ਅਗਸਤ : ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਡੀ-ਜ਼ੋਨ ’ਚ ਦਿੱਤੇ ਜਾ ਰਹੇ ਭਾਜਪਾ ਕੌਂਸਲਰਾਂ ਦੇ ਧਰਨੇ ਨੂੰ ਸਮਰਥਨ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੰਕਾਰ ’ਚ ਚੂਰ ਹੋਈ ਪਈ ਹੈ। ਹੁਣ ਕੇਂਦਰ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਹੰਕਾਰ ਦਾ ਸਹੀ ਇਲਾਜ ਕਰੇਗੀ।

ਸੁਨੀਲ ਜਾਖੜ ਨੇ ਕਿਹਾ ਕਿ ਇਹ ਕੌਂਸਲਰ ਆਪਣਾ ਨਿੱਜੀ ਕੰਮ ਲੈ ਕੇ ਮੇਅਰ ਕੋਲ ਨਹੀਂ ਗਏ ਸਨ, ਸਗੋਂ ਇਹ ਸ਼ਹਿਰ ਵਾਸੀਆਂ ਦੀ ਲੜਾਈ ਲੜ ਰਹੇ ਹਨ। ਉਹ ਮੇਅਰ ਮੈਡਮ ਨਾਲ ਵਿਕਾਸ ਕਾਰਜਾਂ ਬਾਰੇ ਚਰਚਾ ਕਰਨਾ ਚਾਹੁੰਦੇ ਸਨ ਪਰ ਮੇਅਰ ਵਲੋਂ ਭਾਜਪਾ ਕੌਂਸਲਰਾਂ ਨਾਲ ਕੀਤੀ ਗਈ ਨਾਇਨਸਾਫੀ ਸਰਕਾਰ ਦੇ ਹੰਕਾਰ ਤੇ ਭ੍ਰਿਸ਼ਟਾਚਾਰ ਨੂੰ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਆਤਮ-ਸਨਮਾਨ ਦੀ ਲੜਾਈ ਮਜ਼ਬੂਤੀ ਨਾਲ ਲੜੇਗੀ ਅਤੇ ਇਹ ਮਾਮਲਾ ਪੂਰੇ ਪੰਜਾਬ ’ਚ ਗੂੰਜੇਗਾ। ਜਾਖੜ ਨੇ ਦੋਸ਼ ਲਗਾਇਆ ਕਿ ਮੇਅਰ ਮੈਡਮ ਵਿਕਾਸ ਕਾਰਜਾਂ ਨੂੰ ਭੁੱਲ ਕੇ ਸਿਆਸੀ ਭੇਦ-ਭਾਵ ਕਰ ਰਹੇ ਹਨ। ਸਮਾਰਟ ਸਿਟੀ ਪ੍ਰਾਜੈਕਟ ਲਈ ਸਰਕਾਰ ਵਲੋਂ ਦਿੱਤੇ ਗਏ ਕਰੋੜਾਂ ਰੁਪਏ ’ਤੇ ਸਵਾਲ ਚੁੱਕਦੇ ਹੋਏ ਸ਼੍ਰੀ ਜਾਖੜ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸਮਾਰਟ ਸਿਟੀ ਪ੍ਰਾਜੈਕਟ ਦਾ ਆਡਿਟ ਕਰਨ ਦੀ ਮੰਗ ਕਰਨਗੇ, ਤਾਂ ਜੋ ਇਹ ਪਤਾ ਲੱਗ ਸਕੇ ਕਿ ਪੈਸਾ ਕਿਥੇ ਖਰਚ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲੋਕਾਂ ਨੂੰ ਚੁਟਕਲੇ ਸੁਨਾਉਣ ’ਚ ਬਿਜ਼ੀ ਹਨ, ਜਦਕਿ ਪੰਜਾਬ ਦੀ ਜਨਤਾ ਨਸ਼ਾ ਅਤੇ ਭ੍ਰਿਸ਼ਟਾਚਾਰ ਦੀ ਮਾਰ ਝੱਲ ਰਹੀ ਹੈ। ਉਦਯੋਗ ਮੰਤਰੀ ਸੰਜੀਵ ਅਰੋੜਾ ਤੇ ਨਿਸ਼ਾਨਾ ਸਾਧਦੇ ਹੋਏ ਜਾਖੜ ਨੇ ਕਿਹਾ ਕਿ ਕੰਪਨੀਆਂ ਤੋਂ ਅਸਤੀਫਾ ਦੇਣ ਨਾਲ ਗੱਲ ਨਹੀਂ ਬਣਨੀ, ਚਿੱਟੇ ਕੱਪੜੇ ਪਾਉਣ ਨਾਲ ਕੋਈ ਨੇਤਾ ਨਹੀਂ ਬਣ ਜਾਂਦਾ। ਜਨਤਾ ਦੀ ਆਵਾਜ਼ ਬਣਨਾ ਪੈਂਦਾ ਹੈ, ਨਹੀਂ ਤਾਂ ਲੋਕ ਉਨ੍ਹਾਂ ਨੂੰ ਘਰ ਭੇਜਣ ਨੂੰ ਤਿਆਰ ਬੈਠੇ ਹਨ। ਜਾਖੜ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੀ ਸਰਕਾਰ ਦੀ ਖਿਚਾਈ ਕੀਤੀ।

ਇਸ ਮੌਕੇ ਜ਼ਿਲਾ ਪ੍ਰਧਾਨ ਰਜਨੀਸ਼ ਧੀਮਾਨ, ਸੂਬਾ ਮਹਾਮੰਤਰੀ ਅਨਿਲ ਸਰੀਨ, ਉਪ ਪ੍ਰਧਾਨ ਜਤਿੰਦਰ ਮਿੱਤਲ, ਸਕੱਤਰ ਰੇਨੂ ਥਾਪਰ, ਕੈਸ਼ੀਅਰ ਗੁਰਦੇਵ ਸ਼ਰਮਾ ਦੇਬੀ, ਪੰਜਾਬ ਦੇ ਕਾਰਜਕਰਨੀ ਮੈਂਬਰ ਬਿਕਰਮ ਸਿੱਧੂ, ਵਪਾਰ ਵਿੰਗ ਦੇ ਪ੍ਰਧਾਨ ਦਿਨੇਸ਼ ਸਰਪਾਲ, ਸਾਬਕਾ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਸੂਬਾ ਬੁਲਾਰਾ ਡਾ. ਕਮਲਜੀਤ ਸੋਈ ਆਦਿ ਮੌਜੂਦ ਰਹੀ।

Read More : ਪਿੰਡ ਨਮੋਲ ’ਚ ਕਰੋੜਾਂ ਦੀ ਚੋਰੀ

Leave a Reply

Your email address will not be published. Required fields are marked *