ਸਾਡੇ-ਬਜ਼ੁਰਗ-ਸਾਡਾ-ਮਾਣ

ਪੰਜਾਬ ਸਰਕਾਰ ਨੇ 22,000 ਤੋਂ ਵੱਧ ਬਜ਼ੁਰਗਾਂ ਨੂੰ ਭਲਾਈ ਸਕੀਮਾਂ ਨਾਲ ਜੋੜਿਆ

ਡਾ. ਬਲਜੀਤ ਕੌਰ ਵੱਲੋਂ ₹7.86 ਕਰੋੜ ਦੇ ਬਜਟ ਦਾ ਐਲਾਨ; ਬਜ਼ੁਰਗਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ ‘14567’ ਜਾਰੀ

ਚੰਡੀਗੜ੍ਹ, 2 ਫਰਵਰੀ : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਸਤਿਕਾਰ ਲਈ ਸ਼ੁਰੂ ਕੀਤੀ ਗਈ ਸੂਬਾ ਪੱਧਰੀ ਮੁਹਿੰਮ “ਸਾਡੇ ਬਜ਼ੁਰਗ ਸਾਡਾ ਮਾਣ” ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਹੁਣ ਤੱਕ 22,000 ਤੋਂ ਵੱਧ ਬਜ਼ੁਰਗ ਨਾਗਰਿਕਾਂ ਨੂੰ ਰਜਿਸਟਰ ਕਰਕੇ ਵੱਖ-ਵੱਖ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਗਿਆ ਹੈ।

ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਸ਼ਨ ਪਲਾਨ ਤਹਿਤ ਵਿੱਤੀ ਸਾਲ 2025-26 ਲਈ ₹7.86 ਕਰੋੜ ਦਾ ਬਜਟ ਉਪਲਬਧ ਕਰਵਾਇਆ ਗਿਆ ਹੈ, ਤਾਂ ਜੋ ਬਜ਼ੁਰਗਾਂ ਨੂੰ ਸਿੱਧੇ ਤੌਰ ‘ਤੇ ਸਿਹਤ ਸੇਵਾਵਾਂ ਮਿਲ ਸਕਣ।

ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਏ ਗਏ ਸਿਹਤ ਕੈਂਪਾਂ ਦੌਰਾਨ 6,622 ਬਜ਼ੁਰਗਾਂ ਨੇ ਆਮ ਸਿਹਤ ਜਾਂਚ, 2,544 ਨੇ ਹੱਡੀਆਂ (ਆਰਥੋਪੀਡਿਕ) ਦੀ ਜਾਂਚ ਅਤੇ 4,719 ਨੇ ਅੱਖਾਂ ਦੀ ਜਾਂਚ ਕਰਵਾਈ। ਇਸ ਤੋਂ ਇਲਾਵਾ, ਬਜ਼ੁਰਗਾਂ ਨੂੰ ਕੁਦਰਤੀ ਇਲਾਜ ਨਾਲ ਜੋੜਨ ਲਈ ਯੋਗਾ ਸੈਸ਼ਨਾਂ, ਹੋਮਿਓਪੈਥਿਕ ਅਤੇ ਆਯੁਰਵੈਦਿਕ ਇਲਾਜ ਦੀ ਸਹੂਲਤ ਵੀ ਦਿੱਤੀ ਗਈ। ALIMCO ਸਕੀਮ ਰਾਹੀਂ ਲੋੜਵੰਦ ਬਜ਼ੁਰਗਾਂ ਨੂੰ ਵ੍ਹੀਲਚੇਅਰ, ਐਨਕਾਂ ਅਤੇ ਸੁਣਨ ਵਾਲੇ ਸਾਧਨ ਮੁਹੱਈਆ ਕਰਵਾਏ ਗਏ ਹਨ। ਸਰਕਾਰ ਵੱਲੋਂ 566 ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਫਾਰਮ ਭਰੇ ਗਏ ਅਤੇ 455 ਨੂੰ ਨਵੇਂ ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ ਗਏ।

ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਇਹ ਕੈਂਪ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਫਲਤਾਪੂਰਵਕ ਲਗਾਏ ਜਾ ਚੁੱਕੇ ਹਨ ਅਤੇ ਜਲਦੀ ਹੀ ਫਰੀਦਕੋਟ ਤੇ ਸੰਗਰੂਰ ਵਿੱਚ ਵੀ ਲਗਾਏ ਜਾਣਗੇ। ਸਿਹਤ ਦੇ ਨਾਲ-ਨਾਲ ਬਜ਼ੁਰਗਾਂ ਨੂੰ “ਮਾਪਿਆਂ ਅਤੇ ਸੀਨੀਅਰ ਸਿਟੀਜ਼ਨਜ਼ ਦੀ ਦੇਖਭਾਲ ਅਤੇ ਭਲਾਈ ਐਕਟ, 2007” ਬਾਰੇ ਵੀ ਜਾਗਰੂਕ ਕੀਤਾ ਗਿਆ।

ਬਜ਼ੁਰਗਾਂ ਨੂੰ ਮਾਨਸਿਕ ਤੌਰ ‘ਤੇ ਖੁਸ਼ ਰੱਖਣ ਲਈ ਗਿੱਧਾ, ਭੰਗੜਾ, ਕਵਿਤਾ ਅਤੇ ਨਾਟਕ ਵਰਗੀਆਂ ਸੱਭਿਆਚਾਰਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ 2,100 ਤੋਂ ਵੱਧ ਬਜ਼ੁਰਗਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਰਕਾਰ ਨੇ ਬਜ਼ੁਰਗਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਹੈਲਪਲਾਈਨ ਨੰਬਰ 14567 ਵੀ ਜਾਰੀ ਕੀਤਾ ਹੈ, ਜਿੱਥੇ ਉਹ ਕਾਲ ਕਰਕੇ ਤੁਰੰਤ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

Read More : ਈਰਾਨ-ਇਜ਼ਰਾਈਲ ਜੰਗ: ਪੀਐਮ ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਨਾਲ ਕੀਤੀ ਅਹਿਮ ਗੱਲਬਾਤ

Leave a Reply

Your email address will not be published. Required fields are marked *