ਚੰਡੀਗੜ੍ਹ, 10 ਅਗਸਤ : ਪੰਜਾਬ ਲਈ ਇਹ ਮਾਨ ਦੀ ਗੱਲ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ 10 ਵਿਦਿਆਰਥਣਾਂ ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ’ਚ ਰੱਖੜੀ ਤਿਉਹਾਰ ਨਾਲ ਸਬੰਧਤ ਕਰਵਾਏ ਪ੍ਰੋਗਰਾਮ ’ਚ ਹਿੱਸਾ ਲੈਣ ਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮਿਲਣ ਦਾ ਮੌਕਾ ਮਿਲਿਆ।
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਵੱਕਾਰੀ ਸਮਾਗਮ ਵਿੱਚ ਹਿੱਸਾ ਲੈਣ ਲਈ ਵਧਾਈ ਦਿੱਤੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਕੁੱਲ 10 ਵਿਦਿਆਰਥਣਾਂ ਉਸ਼ਾ ਰਾਣੀ, ਮਹਿਕਦੀਪ ਕੌਰ, ਪਿੰਕੀ ਕੌਰ, ਅਰਸ਼ਦੀਪ ਕੌਰ, ਬਿਮਨਦੀਪ ਕੌਰ, ਪ੍ਰੀਤਜੋਤ ਕੌਰ, ਬਲਜਿੰਦਰ ਕੌਰ, ਵੀਰਪਾਲ ਕੌਰ, ਸੁਨੀਤਾ ਕੌਰ ਤੇ ਸਹਿਜਦੀਪ ਕੌਰ ਨੂੰ ਰਾਸ਼ਟਰਪਤੀ ਨਾਲ ਗੱਲਬਾਤ ਕਰਨ, ਭਾਰਤੀ ਸੱਭਿਆਚਾਰ ਦੇ ਰੰਗਾਂ ’ਚ ਰੰਗਣ ਤੇ ਨਾ-ਭੁੱਲਣਯੋਗ ਯਾਦਾਂ ਬਣਾਉਣ ਦਾ ਸੁਭਾਗ ਮਿਲਿਆ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਭਵਨ ’ਚ ਰੱਖੜੀ, ਜੋ ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ, ਦੇ ਉਤਸਵ ’ਚ ਸ਼ਾਮਲ ਹੋਣ ਵਾਲੇ ਇਹ ਵਿਦਿਆਰਥੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਯਾਦ ਰਹੇ ਕਿ ਰੱਖੜੀ ਤਿਉਹਾਰ ਮੌਕੇ ਦੇਸ਼ ਭਰ ਤੋਂ ਆਏ ਵਿਦਿਆਰਥੀਆਂ ਨਾਲ ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਪ੍ਰਤੀਨਿਧੀਤਵ ਕੀਤਾ।
Read More : ਅਨਮੋਲ ਗਗਨ ਮਾਨ ਨੂੰ ਵਿਧਾਨ ਸਭਾ ਕਮੇਟੀ ਤੋਂ ਹਟਾਇਆ