ਡਾ. ਰਵਜੋਤ ਸਿੰਘ

ਪੰਜਾਬ ਬਜਟ ਇਤਿਹਾਸਕ ਅਤੇ ਦੂਰਦਰਸ਼ੀ, ਸਮਾਜਿਕ ਨਿਆਂ ਲਈ ਮਜ਼ਬੂਤ ਰੋਡਮੈਪ : ਡਾ. ਰਵਜੋਤ ਸਿੰਘ

ਕੈਬਨਿਟ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਬਜਟ ਚਰਚਾ ਦੌਰਾਨ ਸ਼ਮੂਲੀਅਤ; ‘ਬੇਗਮਪੁਰਾ’ ਦੇ ਸੰਕਲਪ ਅਤੇ ਸਿੱਖਿਆ ਕ੍ਰਾਂਤੀ ਲਈ ਰੱਖੇ ਬਜਟ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਐਨ.ਆਰ.ਆਈ. ਮਾਮਲੇ ਅਤੇ ਸੰਸਦੀ ਕਾਰਜ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਚਰਚਾ ਵਿੱਚ ਹਿੱਸਾ ਲੈਂਦਿਆਂ ਸਾਲ 2026-27 ਦੇ ਬਜਟ ਨੂੰ ਇਤਿਹਾਸਕ, ਉਦਾਰ ਅਤੇ ਦੂਰਦਰਸ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਜਟ ਸੂਬੇ ਦੇ ਲੋਕਾਂ ਲਈ ਸਮਾਂਬੱਧ ਵਿਕਾਸ, ਸਮਾਜਿਕ ਨਿਆਂ ਅਤੇ ਟਿਕਾਊ ਆਰਥਿਕ ਤਰੱਕੀ ਨੂੰ ਯਕੀਨੀ ਬਣਾਉਣ ਵਾਲਾ ਇੱਕ ਮਜ਼ਬੂਤ ਦਸਤਾਵੇਜ਼ ਹੈ।

ਡਾ. ਰਵਜੋਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਨਮਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ “ਬੇਗਮਪੁਰਾ” ਦੇ ਸੰਕਲਪ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਬਜਟ ਪ੍ਰਬੰਧਾਂ ਅਤੇ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ‘ਤੇ ਰੱਖਣ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਹਵਾਈ ਅੱਡੇ ਦੇ ਵਿਕਾਸ ਲਈ 140 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।

ਕੈਬਨਿਟ ਮੰਤਰੀ ਨੇ ‘ਸਿੱਖਿਆ ਕ੍ਰਾਂਤੀ 2.0’ ਤਹਿਤ ਸਿੱਖਿਆ ਖੇਤਰ ਲਈ 20,000 ਕਰੋੜ ਰੁਪਏ (ਪਿਛਲੇ ਸਾਲ ਨਾਲੋਂ 7 ਫੀਸਦੀ ਵੱਧ) ਅਲਾਟ ਕੀਤੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਖੇਤਰ ਨੂੰ ਮਜ਼ਬੂਤ ਕਰਨਾ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਅਹਿਮ ਕਦਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 600 ਯੂਨਿਟ ਮੁਫ਼ਤ ਬਿਜਲੀ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਤੀਰਥ ਯਾਤਰਾ ਵਰਗੀਆਂ ਸਕੀਮਾਂ ਨੂੰ ਆਮ ਲੋਕਾਂ ਲਈ ਵੱਡੀ ਰਾਹਤ ਦੱਸਿਆ।

ਡਾ. ਰਵਜੋਤ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਗਾਤਾਰ ਪੰਜਵਾਂ ਬਜਟ ਬਿਨਾਂ ਕਿਸੇ ਨਵੇਂ ਟੈਕਸ ਦੇ ਪੇਸ਼ ਕਰਨਾ ਸਰਕਾਰ ਦੇ ਕੁਸ਼ਲ ਆਰਥਿਕ ਪ੍ਰਬੰਧਨ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਦੇ ਬਰਾਬਰੀ ਅਤੇ ਨਿਆਂ ਦੇ ਫ਼ਲਸਫ਼ੇ ਨੂੰ ਮੁੱਖ ਰੱਖਦਿਆਂ ਇਹ ਬਜਟ ਸਮਾਜ ਦੇ ਹਰ ਵਰਗ, ਖਾਸ ਕਰਕੇ ਲੋੜਵੰਦਾਂ ਨੂੰ ਸਸ਼ਕਤ ਬਣਾਉਣ ਵਾਲਾ ਹੈ।

ਅੰਤ ਵਿੱਚ ਉਨ੍ਹਾਂ ਭਰੋਸਾ ਜਤਾਇਆ ਕਿ ਇਹ ਬਜਟ ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਅਤੇ ਤਰੱਕੀ ਦੇ ਲਾਭ ਹਰ ਘਰ ਤੱਕ ਪਹੁੰਚਾਉਣ ਵਿੱਚ ਸਫਲ ਹੋਵੇਗਾ।

Read More : ਏਅਰਪੋਰਟਾਂ ‘ਤੇ ਮਹਿੰਗੇ ਖਾਣੇ ਵਿਰੁੱਧ ਰਾਘਵ ਚੱਢਾ ਨੇ ਸੰਸਦ ‘ਚ ਚੁੱਕੀ ਆਵਾਜ਼

Leave a Reply

Your email address will not be published. Required fields are marked *