ਵਿੱਤ ਮੰਤਰੀ ਹਰਪਾਲ ਚੀਮਾ ਫੁਲਕਾਰੀ ਵਾਲੇ ਬਜਟ ਨਾਲ ਵਿਧਾਨ ਸਭਾ ਪਹੁੰਚੇ
ਚੰਡੀਗੜ੍ਹ, 8 ਮਾਰਚ : ਚੰਡੀਗੜ੍ਹ, 8 ਮਾਰਚ : ਪੰਜਾਬ ਦੀ ਭਗਵੰਤ ਮਾਨ ਸਰਕਾਰ ਅੱਜ ਆਪਣੇ ਮੌਜੂਦਾ ਕਾਰਜਕਾਲ ਦਾ ਆਖਰੀ ਅਤੇ ਸਭ ਤੋਂ ਅਹਿਮ ਬਜਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ₹2.50 ਲੱਖ ਕਰੋੜ ਤੋਂ ਵੱਧ ਦੇ ਬਜਟ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਸਪਸ਼ਟ ਝਲਕ ਦੇਖਣ ਨੂੰ ਮਿਲੇਗੀ। ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨੇ ਆਪਣੀ ਮਾਂ ਦਾ ਆਸ਼ੀਰਵਾਦ ਲਿਆ ਅਤੇ ਸ਼ਹੀਦ ਭਗਤ ਸਿੰਘ ਤੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹ ਫੁਲਕਾਰੀ ਨਾਲ ਸਜਾਈ ਬਜਟ ਦੀ ਵਿਸ਼ੇਸ਼ ਕਾਪੀ ਲੈ ਕੇ ਸਦਨ ਵਿੱਚ ਪਹੁੰਚੇ ਹਨ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਸੰਕੇਤ ਦਿੱਤਾ ਹੈ ਕਿ ਅੱਜ ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ ਆ ਰਹੀ ਹੈ। ਉਮੀਦ ਹੈ ਕਿ ਸਰਕਾਰ ਆਪਣੇ 2022 ਦੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਸੂਬੇ ਦੀ ਹਰ ਔਰਤ ਲਈ ₹1,000 ਮਹੀਨਾਵਾਰ ਭੱਤੇ ਦਾ ਬਜਟ ਅਲਾਟ ਕਰੇਗੀ। ਸਰਕਾਰ ਨੇ ਪਿੰਡਾਂ, ਸ਼ਹਿਰਾਂ, ਨੌਜਵਾਨਾਂ ਅਤੇ ਉਦਯੋਗਾਂ ਲਈ ਵੱਡੇ ਐਲਾਨਾਂ ਦੀ ਤਿਆਰੀ ਕੀਤੀ ਹੈ, ਜਿਸ ਦਾ ਸੰਕੇਤ ਬਜਟ ਤੋਂ ਪਹਿਲਾਂ ਜਾਰੀ ਨਵੀਂ ਉਦਯੋਗ ਨੀਤੀ ਅਤੇ ਸਸਤੀ ਬਿਜਲੀ ਦੇ ਐਲਾਨਾਂ ਤੋਂ ਮਿਲ ਗਿਆ ਸੀ।
ਚੋਣ ਸਾਲ ਹੋਣ ਕਾਰਨ ਸਰਕਾਰ ਨੇ ਜਨਤਾ ‘ਤੇ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਬਜਾਏ, ਆਬਕਾਰੀ ਨੀਤੀ (86% ਤੋਂ ਵੱਧ ਵਾਧਾ) ਅਤੇ ਜੀਐਸਟੀ ਰਾਹੀਂ ਵਧੇ ਮਾਲੀਏ ਨਾਲ ਵਿੱਤੀ ਪ੍ਰਬੰਧਨ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਪਾਰਦਰਸ਼ਤਾ ਅਤੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ, ਸਰਕਾਰ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਵੱਡੀਆਂ ਸਕ੍ਰੀਨਾਂ ਲਗਾਈਆਂ ਗਈਆਂ ਹਨ, ਤਾਂ ਜੋ ਆਮ ਜਨਤਾ ਇਸ ‘ਲੋਕ ਪੱਖੀ’ ਬਜਟ ਦੇ ਸਿੱਧੇ ਪ੍ਰਸਾਰਣ ਨੂੰ ਦੇਖ ਸਕੇ।
ਦੂਜੇ ਪਾਸੇ, ਬਜਟ ਪੇਸ਼ ਹੋਣ ਤੋਂ ਠੀਕ ਪਹਿਲਾਂ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸਖ਼ਤ ਧਮਕੀ ਨੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਇਸ ਸੰਵੇਦਨਸ਼ੀਲ ਸੂਚਨਾ ਤੋਂ ਬਾਅਦ ਵਿਧਾਨ ਸਭਾ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਬਜਟ ਇਜਲਾਸ ਦੀ ਕਾਰਵਾਈ ਨਿਰਵਿਘਨ ਨੇਪਰੇ ਚੜ੍ਹ ਸਕੇ।
Read More : ਆਰਿਅਨ ਦੱਤ ਬਣਿਆ ਭਾਰਤੀ ਫ਼ੌਜ ਦੀ ਵੱਕਾਰੀ ‘4 ਹੌਰਸ ਰੈਜ਼ੀਮੈਂਟ’ ’ਚ ਕਮਿਸ਼ਨਡ ਅਫ਼ਸਰ
