ਪਟਿਆਲਾ, 13 ਸਤੰਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਘੱਗਰ ਦੀ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਤੇ ਹਰਿਆਣਾ ਨੂੰ ਆਪਸ ਵਿਚ ਮਿਲ ਕੇ ਬੈਠਣ ਦੀ ਸਲਾਹ ਦਿੱਤੀ ਹੈ।
ਰਾਜਪਾਲ ਕਟਾਰੀਆ ਅੱਜ ਜ਼ਿਲੇ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਟਿਆਲਾ ਪੁੱਜੇ ਹੋਏ ਸਨ।ਇਸ ਮੌਕੇ ਰਾਜਪਾਲ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐੱਸ. ਐੱਸ. ਪੀ. ਸ਼੍ਰੀ ਵਰੁਣ ਸ਼ਰਮਾ ਸਮੇਤ ਫੌਜ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੜ੍ਹਾਂ ਬਾਰੇ ਬੈਠਕ ਕੀਤੀ। ਇਸ ਮਗਰੋਂ ਉਨ੍ਹਾਂ ਨੇ ਸਰਾਲਾ ਹੈੱਡ ਦਾ ਦੌਰਾ ਕਰ ਕੇ ਘੱਗਰ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਨੇ ਹਦਾਇਤ ਕੀਤੀ ਕਿ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਪੰਜਾਬ ਵਿਚ ਇਸ ਵਾਰ 1988 ਦੇ ਹੜ੍ਹਾਂ ਤੋਂ ਵੀ ਜਿਆਦਾ ਪਾਣੀ ਆਉਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਪੁਖਤਾ ਕਦਮ ਉਠਾਏ ਗਏ ਹਨ ਅਤੇ ਅੱਜ ਤੋਂ ਵਿਸ਼ੇਸ਼ ਗਿਰਦਾਵਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਸੂਬੇ ਵਿਚ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ, ਪੁਲਸ, ਫੌਜ ਅਤੇ ਆਮ ਲੋਕਾਂ ਨੇ ਬਹੁਤ ਵਧੀਆ ਤਾਲਮੇਲ ਦਿਖਾਇਆ ਹੈ।
Read More : ਬਲਜਿੰਦਰ ਢਿੱਲੋਂ ਨੇ ਪੰਜਾਬ ਐਗਰੋ ਫੂਡਗ੍ਰੇਨਜ਼ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ