ADR ਦੀ ਰਿਪੋਰਟ ’ਚ ਖ਼ੁਲਾਸਾ; 2021 ਦੇ ਮੁਕਾਬਲੇ ਦਾਗੀ ਉਮੀਦਵਾਰਾਂ ਦੀ ਗਿਣਤੀ ’ਚ ਹੋਇਆ ਵਾਧਾ
ਨਵੀਂ ਦਿੱਲੀ, 30 ਮਾਰਚ : ਪੁੱਡੂਚੇਰੀ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਹਲਫ਼ਨਾਮਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਲਗਭਗ 23 ਫ਼ੀਸਦੀ ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, ਜਦੋਂ ਕਿ 41 ਫ਼ੀਸਦੀ ਉਮੀਦਵਾਰ ਕਰੋੜਪਤੀ ਹਨ। ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ‘ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫ਼ਾਰਮਜ਼’ (ADR) ਵੱਲੋਂ 9 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ 291 ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ।
ਰਿਪੋਰਟ ਅਨੁਸਾਰ 294 ਉਮੀਦਵਾਰਾਂ ’ਚੋਂ 66 ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਐਲਾਨੇ ਹਨ। ਸਾਲ 2021 ’ਚ ਇਹ ਗਿਣਤੀ 17 ਫ਼ੀਸਦੀ ਸੀ, ਜੋ ਹੁਣ ਵਧ ਕੇ 23 ਫ਼ੀਸਦੀ ਹੋ ਗਈ ਹੈ। ਇਨ੍ਹਾਂ ’ਚੋਂ 38 ਉਮੀਦਵਾਰ (13 ਫ਼ੀਸਦੀ) ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਮੁੱਖ ਪਾਰਟੀਆਂ ’ਚੋਂ ਭਾਜਪਾ ਦੇ 10 ’ਚੋਂ 5, ਡੀ.ਐੱਮ.ਕੇ. ਦੇ 12 ’ਚੋਂ 6, ਏ.ਆਈ.ਐੱਨ.ਆਰ.ਸੀ. ਦੇ 16 ’ਚੋਂ 4 ਅਤੇ ਕਾਂਗਰਸ ਦੇ 21 ’ਚੋਂ 3 ਉਮੀਦਵਾਰਾਂ ਵਿਰੁੱਧ ਮਾਮਲੇ ਦਰਜ ਹਨ।
ਹੋਰ ਵੀ ਚਿੰਤਾਜਨਕ ਗੱਲ ਇਹ ਹੈ ਕਿ 3 ਉਮੀਦਵਾਰਾਂ ’ਤੇ ਔਰਤਾਂ ਵਿਰੁੱਧ ਅਪਰਾਧ ਅਤੇ 2 ਉਮੀਦਵਾਰਾਂ ’ਤੇ ਕਤਲ (ਧਾਰਾ 302) ਦੇ ਮਾਮਲੇ ਦਰਜ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਡੀਆਂ ਸਿਆਸੀ ਪਾਰਟੀਆਂ ਨੇ 14 ਤੋਂ 50 ਫ਼ੀਸਦੀ ਤੱਕ ਟਿਕਟਾਂ ਅਜਿਹੇ ਉਮੀਦਵਾਰਾਂ ਨੂੰ ਦਿੱਤੀਆਂ ਹਨ ਜਿਨ੍ਹਾਂ ਦਾ ਪਿਛੋਕੜ ਅਪਰਾਧਿਕ ਹੈ।
Read More : ਸੰਸਦ ’ਚ ਗੂੰਜਿਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ; ਸਤਨਾਮ ਸੰਧੂ ਨੇ ਕੇਂਦਰ ਤੋਂ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ
