ਟਾਂਡਾ ਉੜਮੁੜ, 13 ਸਤੰਬਰ : ਹੁਸ਼ਿਆਰਪੁਰ ਵਿਚ ਇਕ ਪ੍ਰਵਾਸੀ ਵੱਲੋਂ ਪੰਜ ਸਾਲਾ ਬੱਚੇ ਦੇ ਦਰਿੰਦਗੀ ਨਾਲ ਕੀਤੇ ਗਏ ਕਤਲ ਦੇ ਵਿਰੋਧ ਵਿਚ ਅੱਜ ਟਾਂਡਾ ਵਿਖੇ ਸਮੂਹ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਕ ਪਲੇਟਫਾਰਮ ’ਤੇ ਇਕੱਠੇ ਹੁੰਦੇ ਹੋਏ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ।
ਦਾਣਾ ਮੰਡੀ ਟਾਂਡਾ ਤੋਂ ਆਰੰਭ ਹੋਏ ਰੋਸ ਮਾਰਚ ਵਿਚ ਮਿਸਲ ਪੰਜ ਆਬ, ਆਵਾਜ਼-ਏ-ਕੌਮ, ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ ਟਾਂਡਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਧੰਨ-ਧੰਨ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਪੰਜਾਬ, ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੋਸਾਇਟੀ ਟਾਂਡਾ, ਸ਼ਿਵ ਸੈਨਾ ਪੰਜਾਬ, ਬੀ.ਕੇ.ਯੂ. ਦੋਆਬਾ ਗੜ੍ਹਦੀਵਾਲ, ਬੀ.ਕੇ.ਯੂ. ਆਜ਼ਾਦ ਪੰਜਾਬ, ਬੀ.ਕੇ.ਯੂ. ਲਾਚੋਵਾਲ, ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੋਸਾਇਟੀ ਮੂਨਕ ਖੁਰਦ ਤੇ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਖਾਲਸਾ, ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਜਥੇਦਾਰ ਮਨਜੀਤ ਸਿੰਘ ਖਾਲਸਾ, ਮਾਸਟਰ ਕੁਲਦੀਪ ਸਿੰਘ ਮਸੀਤੀ, ਨੋਵਲਜੀਤ ਸਿੰਘ ਬੱੁਲੋਵਾਲ, ਸ਼ਿਵ ਸੈਨਾ ਪੰਜਾਬ ਤੋਂ ਮਿੱਕੀ ਪੰਡਿਤ, ਵਿਕਾਸ ਜਸਰਾ, ਨਵਜੋਤ ਸਿੰਘ ਸੈਣੀ, ਅਕਬਰ ਸਿੰਘ ਬੂਰੇ ਜੱਟਾਂ ਤੇ ਹੋਰਨਾਂ ਨੁਮਾਇੰਦਿਆਂ ਨੇ ਹੁਸ਼ਿਆਰਪੁਰ ਵਿਚ ਪ੍ਰਵਾਸੀ ਮਜ਼ਦੂਰ ਵੱਲੋਂ ਪੰਜ ਸਾਲਾ ਬੱਚੇ ਦਾ ਦਰਿੰਦਗੀ ਨਾਲ ਕੀਤੇ ਗਏ ਕਤਲ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਪ੍ਰਵਾਸੀ ਲੋਕਾਂ ਦਾ ਪੰਜਾਬ ਵਿਚ ਵਧ ਰਹੇ ਪ੍ਰਵਾਸ ਨੂੰ ਰੋਕਿਆ ਜਾਵੇ। ਪ੍ਰਵਾਸੀਆਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਚਲਾਏ ਜਾ ਰਹੇ ਕਾਰੋਬਾਰ ਬੰਦ ਕਰਵਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਵਾਏ ਜਾਣ, ਪ੍ਰਵਾਸੀਆਂ ਦੇ ਆਧਾਰ ਕਾਰਡ ਬਣਾਉਣ ’ਤੇ ਰੋਕ ਲਗਾਈ ਜਾਵੇ।
ਵਿਸ਼ਾਲ ਰੋਸ ਮਾਰਚ ਦੀ ਸਮਾਪਤੀ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਨਾਂ ’ਤੇ ਮੰਗ-ਪੱਤਰ ਡੀ.ਐੱਸ.ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੂੰ ਸੌਂਪਿਆ ਗਿਆ।
Read More : ਮੰਤਰੀ ਕਟਾਰੂਚੱਕ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਬੈਠਕ