ਅੰਮ੍ਰਿਤਸਰ, 20 ਦਸੰਬਰ : ਜ਼ਿਲਾ ਅੰਮ੍ਰਿਤਸਰ ’ਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਪ੍ਰਾਜੈਕਟ ਜੀਵਨਜੋਤ 2.0 ਦੇ ਤਹਿਤ ਜ਼ਿਲਾ ਪ੍ਰੋਗਰਾਮ ਅਫਸਰ ਅੰਮ੍ਰਿਤਸਰ ਦੀ ਅਗਵਾਈ ਹੇਠ ਬਾਲ ਸੁਰੱਖਿਆ ਯੂਨਿਟ (ਡੀ. ਸੀ. ਪੀ. ਯੂ.) ਤਰਨਜੀਤ ਸਿੰਘ ਜ਼ਿਲਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਉਸ ਦੇ ਨੇੜਲੇ ਖੇਤਰਾਂ ’ਚ ਬਾਲ ਭੀਖ ਸਬੰਧੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਇਸ ਚੈਕਿੰਗ ਮੁਹਿੰਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਨੇੜਲੇ ਖੇਤਰ ’ਚ 3 ਬੱਚਿਆਂ ਨੂੰ ਭੀਖ ਮੰਗਦੇ ਹੋਏ ਪਾਇਆ ਗਿਆ। ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ। ਇਸ ਉਪਰੰਤ ਬੱਚਿਆਂ ਦੀ ਕੌਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਦੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਉਚਿਤ ਦੇਖਭਾਲ ਅਤੇ ਸੁਰੱਖਿਆ ਲਈ ਅਗਲੇ ਲੋੜੀਂਦੇ ਕਦਮ ਚੁੱਕੇ ਗਏ।
ਬੱਚਿਆਂ ਦੀ ਭਲਾਈ ਅਤੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਸਬੰਧਤ ਵਿਭਾਗਾਂ ਅਤੇ ਸਮਾਜਿਕ ਸਕੀਮਾਂ ਨਾਲ ਜੋੜਿਆ ਗਿਆ ਤਾਂ ਜੋ ਉਨ੍ਹਾਂ ਦੀ ਪੁਨਰਵਾਸ, ਸਿੱਖਿਆ ਅਤੇ ਸਮਾਜ ਨਾਲ ਮੁੜ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਇਸ ਦੌਰਾਨ ਇਹ ਵੀ ਯਕੀਨੀ ਬਣਾਇਆ ਗਿਆ ਕਿ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਦੀ ਪੂਰੀ ਤਰ੍ਹਾਂ ਪਾਲਣਾ ਅਤੇ ਰੱਖਿਆ ਕੀਤੀ ਜਾਵੇ।
ਡੀ. ਸੀ. ਪੀ. ਯੂ. ਟੀਮ ਵੱਲੋਂ ਦੱਸਿਆ ਗਿਆ ਕਿ ਪ੍ਰਾਜੈਕਟ ਜੀਵਨਜੋਤ 2.0 ਦੇ ਅਧੀਨ ਅਜਿਹੀਆਂ ਚੈਕਿੰਗ ਅਤੇ ਜਾਗਰੂਕਤਾ ਮੁਹਿੰਮਾਂ ਅੱਗੇ ਵੀ ਲਗਾਤਾਰ ਅਤੇ ਨਿਰੰਤਰ ਤੌਰ ’ਤੇ ਜਾਰੀ ਰਹਿਣਗੀਆਂ, ਤਾਂ ਜੋ ਜ਼ਿਲੇ ’ਚ ਬੱਚਿਆਂ ਦੀ ਭੀਖ ਮੰਗਣ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਬੱਚਿਆਂ ਨੂੰ ਭੀਖ ਮੰਗਦੇ ਹੋਏ ਜਾਂ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਵੇਖਿਆ ਜਾਵੇ ਤਾਂ ਤੁਰੰਤ ਡੀ. ਸੀ. ਪੀ. ਯੂ. ਜਾਂ ਸਬੰਧਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ।
Read More : 2 ਹਜ਼ਾਰ ਤੋਂ ਵੱਧ ਸ਼ਰਧਾਲੂ ਸ੍ਰੀ ਫਤਹਿਗੜ੍ਹ ਸਾਹਿਬ ਲਈ ਰਵਾਨਾ
