ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ਵਿਚ ਟੁੱਟੇ ਸਾਰੇ ਰਿਕਾਰਡ, ਸੋਨਾ ਪਹਿਲੀ ਵਾਰ 5,500 ਡਾਲਰ ਤੋਂ ਟੱਪਿਆ
ਨਵੀਂ ਦਿੱਲੀ, 29 ਜਨਵਰੀ : ਸੋਨੇ ਅਤੇ ਚਾਂਦੀ ਦੇ ਵਾਅਦਾ ਬਾਜ਼ਾਰ ਵਿਚ ਅੱਜ ਜ਼ਬਰਦਸਤ ਉਛਾਲ ਵੇਖਣ ਨੂੰ ਮਿਲਿਆ। ਦੋਵਾਂ ਧਾਤੂਆਂ ਦੀਆਂ ਕੀਮਤਾਂ ਘਰੇਲੂ ਬਾਜ਼ਾਰ ਵਿਚ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਹੁਣ ਤੱਕ ਘਰੇਲੂ ਬਾਜ਼ਾਰ ਵਿਚ ਸੋਨਾ 1,76,002 ਰੁਪਏ, ਜਦੋਂਕਿ ਚਾਂਦੀ ਲੱਗਭਗ 4,05,200 ਰੁਪਏ ’ਤੇ ਕਾਰੋਬਾਰ ਕਰ ਰਹੀ ਸੀ।
ਮਲਟੀ ਕਮੋਡਿਟੀ ਐਕਸਚੇਂਜ (ਐੱਮ.ਸੀ.ਐਕਸ.) ’ਤੇ ਸੋਨੇ ਦਾ ਬੈਂਚਮਾਰਕ ਫਰਵਰੀ ਕਾਂਟ੍ਰੈਕਟ 3,967 ਰੁਪਏ ਦੀ ਤੇਜ਼ੀ ਨਾਲ 1,69,882 ਰੁਪਏ ਦੇ ਭਾਅ ’ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਇਹ 6.08 ਫੀਸਦੀ ਦੀ ਤੇਜ਼ੀ ਨਾਲ 1,76,002 ਰੁਪਏ ਦੇ ਭਾਅ ’ਤੇ ਪਹੁੰਚ ਗਿਆ। ਅੱਜ ਸੋਨੇ ਦੇ ਵਾਅਦਾ ਭਾਅ ਨੇ 1,76,990 ਰੁਪਏ ਦਾ ਸਰਵਉੱਚ ਪੱਧਰ ਛੂਹ ਲਿਆ।
ਦੂਜੇ ਪਾਸੇ ਚਾਂਦੀ ਦੇ ਵਾਅਦਾ ਭਾਅ ਦੀ ਸ਼ੁਰੂਆਤ ਵੀ ਤੇਜ਼ ਰਹੀ। ਐੱਮ.ਸੀ.ਐਕਸ. ’ਤੇ ਚਾਂਦੀ ਦਾ ਬੈਂਚਮਾਰਕ ਮਾਰਚ ਕਾਂਟ੍ਰੈਕਟ 8,542 ਰੁਪਏ ਦੀ ਤੇਜ਼ੀ ਨਾਲ 3,99,000 ਰੁਪਏ ’ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ 5.15 ਫੀਸਦੀ ਦੇ ਉਛਾਲ ਨਾਲ 4,05,200 ਰੁਪਏ ਦੇ ਭਾਅ ’ਤੇ ਕਾਰੋਬਾਰ ਕਰ ਰਹੀ ਸੀ।
ਕੌਮਾਂਤਰੀ ਬਾਜ਼ਾਰ ’ਚ ਵੀ ਰਿਕਾਰਡ ਤੋੜ ਤੇਜ਼ੀ
ਕੌਮਾਂਤਰੀ ਬਾਜ਼ਾਰ ਵਿਚ ਸੋਨੇ-ਚਾਂਦੀ ਦੇ ਭਾਅ ਇਤਿਹਾਸਕ ਪੱਧਰ ’ਤੇ ਪਹੁੰਚ ਗਏ ਹਨ। ਸੋਨਾ ਸਾਰੇ ਰਿਕਾਰਡ ਤੋੜਦੇ ਹੋਏ ਪਹਿਲੀ ਵਾਰ 5,500 ਡਾਲਰ ਦਾ ਅੰਕੜਾ ਪਾਰ ਕਰ ਗਿਆ।
ਕੌਮੈਕਸ ’ਤੇ ਸੋਨਾ 5,415.70 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਖੁੱਲ੍ਹਿਆ ਅਤੇ ਬਾਅਦ ਵਿਚ 232.30 ਡਾਲਰ ਦੀ ਤੇਜ਼ੀ ਨਾਲ 5,535.90 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸੋਨੇ ਨੇ ਅੱਜ 5,584.30 ਡਾਲਰ ਦਾ ਉੱਚਤਮ ਪੱਧਰ ਛੂਹਿਆ।
ਇਸੇ ਤਰ੍ਹਾਂ ਚਾਂਦੀ ਦੇ ਵਾਅਦਾ ਭਾਅ 116.62 ਡਾਲਰ ’ਤੇ ਖੁੱਲ੍ਹੇ ਅਤੇ 3.92 ਡਾਲਰ ਦੀ ਤੇਜ਼ੀ ਨਾਲ 117.45 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਏ। ਅੱਜ ਚਾਂਦੀ ਨੇ 119.51 ਡਾਲਰ ਦਾ ਉੱਚ ਪੱਧਰ ਦਰਜ ਕੀਤਾ।
Read More : 328 ਪਾਵਨ ਸਰੂਪਾਂ ਦਾ ਮਾਮਲਾ : ਸ਼੍ਰੋਮਣੀ ਕਮੇਟੀ ਨੇ ਜਾਂਚ ਟੀਮ ਨੂੰ ਸੌਂਪੀ ਰਿਪੋਰਟ
