ਨੇਮਚਾ ਕਿਪਗੇਨ ਤੇ ਐੱਲ. ਡੀਖੋ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਇੰਫਾਲ, 4 ਫਰਵਰੀ: ਅਸ਼ਾਂਤ ਮਣੀਪੁਰ ਵਿੱਚ ਲਗਭਗ ਇਕ ਸਾਲ ਬਾਅਦ ਰਾਸ਼ਟਰਪਤੀ ਰਾਜ ਹਟਾ ਲਿਆ ਗਿਆ ਹੈ ਅਤੇ ਭਾਜਪਾ ਨੇਤਾ ਵਾਈ. ਖੇਮਚੰਦ ਸਿੰਘ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਅਜੇ ਕੁਮਾਰ ਭੱਲਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਨਵੀਂ ਸਰਕਾਰ ਵਿੱਚ ਕੁਕੀ ਭਾਈਚਾਰੇ ਨਾਲ ਸਬੰਧਤ ਨੇਮਚਾ ਕਿਪਗੇਨ ਅਤੇ ਐੱਨ.ਪੀ.ਐੱਫ. ਦੇ ਐੱਲ. ਡੀਖੋ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਸੂਬੇ ਦੇ ਹਾਲਾਤ ਦੀ ਸਮੀਖਿਆ ਕਰਦਿਆਂ ਇਹ ਸਰਕਾਰ ਬਣਾਈ ਗਈ ਹੈ ਤਾਂ ਜੋ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਚੱਲ ਰਹੀ ਨਸਲੀ ਹਿੰਸਾ ਨੂੰ ਰੋਕ ਕੇ ਹਾਂਪੱਖੀ ਮਾਹੌਲ ਸਿਰਜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 9 ਫਰਵਰੀ ਨੂੰ ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਗਿਆ ਸੀ।
ਹੁਣ ਨਵੀਂ ਸਰਕਾਰ ਵਿੱਚ ਗੋਵਿੰਦਾਸ ਕੋਂਥੌਜਮ ਅਤੇ ਕੇ. ਲੋਕੇਨ ਸਿੰਘ ਨੇ ਵੀ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ ਹੈ। ਸਥਾਨਕ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਾਂਤੀ ਬਹਾਲੀ ਲਈ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ। ਸ਼ਹਿਰ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ।
Read More : 13 ਸਾਲਾ ਬੱਚੇ ਨੇ ਸਮੁੰਦਰ ’ਚ 4 ਘੰਟੇ ਤੈਰ ਕੇ ਮਾਂ ਤੇ ਭੈਣ-ਭਰਾ ਦੀ ਜਾਨ ਬਚਾਈ
