Sri Kali Mata Mandir

ਅੱਸੂ ਦੇ ਨਰਾਤੇ ਸੋਮਵਾਰ ਸ਼ੁਰੂ ਤੋਂ, ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਤਿਆਰੀਆਂ ਪੂਰੀਆਂ

ਪਟਿਆਲਾ, 21 ਸਤੰਬਰ – ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਅੱਸੂ ਦੇ ਨਰਾਤੇ 22 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਨਰਾਤਿਆਂ ਦੀਆਂ ਤਿਆਰੀਆਂ ਨੂੰ ਲੈ ਕੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੁਰੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਨਰਾਤਿਆਂ ਦੌਰਾਨ ਲੱਖਾਂ ਸ਼ਰਧਾਲੂ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ। ਇਨ੍ਹਾਂ ’ਚ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਹਿਮਾਚਲ ਅਤੇ ਰਾਜਸਥਾਨ ਤੱਕ ਦੇ ਸ਼ਰਧਾਲੂ ਇਥੇ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਵਾਰ ਵੀ ਤਿਆਰੀਆਂ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਫਿਰ ਵੀ ਟਰੈਫਿਕ ਅਤੇ ਪਾਰਕਿੰਗ 2 ਵੱਡੇ ਮੁੱਦੇ ਹਨ, ਜਿਨ੍ਹਾਂ ਬਾਰੇ ਦਾਅਵਾ ਤਾਂ ਕੀਤਾ ਜਾਂਦਾ ਹੈ ਪਰ ਇਸ ’ਚ ਉਣਤਾਈਆਂ ਰਹਿ ਜਾਂਦੀਆਂ ਹਨ।

ਟਰੈਫਿਕ ਨੂੰ ਲੈ ਕੇ ਮਾਲ ਰੋਡ ਵਨ ਵੇ ਕਰ ਦਿੱਤਾ ਗਿਆ ਹੈ ਪਰ ਪਾਰਕਿੰਗ ਸਹੀ ਤਰੀਕੇ ਨਾਲ ਨਾ ਹੋਣ ਕਰ ਕੇ ਅਤੇ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨ੍ਹਾਂ ਲੱਗੀਆਂ ਵੱਡੀ ਪੱਧਰ ’ਤੇ ਦੁਕਾਨਾਂ ਅਤੇ ਰੇਹੜੀਆਂ ਵੱਲੋਂ ਇਸ ਵਿਵਸਥਾ ਨੂੰ ਵਿਗਾੜਨ ’ਚ ਕਾਫੀ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਜਿਥੇ ਸ਼ਰਧਾਲੂ ਆਪਣੀਆਂ ਗੱਡੀਆਂ ਅਾਸਾਨੀ ਨਾਲ ਪਾਰਕ ਕਰ ਸਕਦੇ ਹਨ, ਉੱਥੇ ਦੁਕਾਨਾਂ ਲੱਗਣ ਕਾਰਨ ਉੱਥੇ ਪਾਰਕਿੰਗ ਹੀ ਨਹੀਂ ਪਾਉਂਦੀ। ਦੂਜਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹਰ ਵਾਲ ਘੱਟ ਰਹਿ ਜਾਂਦਾ ਹੈ, ਜਿਸ ਵੱਲ ਜ਼ਿਲਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।

ਦੂਜੇ ਪਾਸੇ ਪ੍ਰਸਾਸ਼ਨ ਤਿਉਹਾਰ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇਥੇ ਨਤਮਸਤਕ ਹੋਣ ਲਈ ਮੰਦਿਰ ’ਚ ਪੁੱਜਣ ਵਾਲੇ ਆਮ ਸ਼ਰਧਾਲੂਆਂ ਸਮੇਤ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ੍ਹਚੇਅਰ ਦਾ ਪ੍ਰਬੰਧ ਕਰਨ ਸਮੇਤ ਸ਼ਰਧਾਲੂਆਂ ਲਈ ਲੰਗਰ ਤੇ ਭੰਡਾਰੇ, ਪੀਣ ਵਾਲੇ ਪਾਣੀ, ਬਾਥਰੂਮ, ਸਾਫ਼ ਸਫ਼ਾਈ ਆਦਿ ਦੇ ਪੁਖਤਾ ਪਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਪ੍ਰਸ਼ਾਸਨ ਦਾ ਵੀ ਦਾਅਵਾ ਹੈ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ’ਚ ਆਮਦ ਨੂੰ ਲੈ ਕੇ ਜ਼ਿਲਾ ਪੁਲਸ ਵੱਲੋਂ ਸੁਰੱਖਿਆ ਦੇ ਪੁੱਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਵਾਹਨਾਂ ਦੀ ਪਾਰਕਿੰਗ ਸਮੇਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪਲਾਨ ਵੀ ਬਣਾਇਆ ਜਾ ਰਿਹਾ ਹੈ।

ਐੱਸ. ਐੱਸ. ਪੀ. ਮੁਤਾਬਕ ਪੁਲਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਥੇ ਮਾੜੇ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ, ਉੱਥੇ ਹੀ ਆਮ ਸ਼ਰਧਾਲੂਆਂ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ। ਇਸ ਵਾਰ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਸ਼ਰਧਾਲੂਆਂ ਲਈ ਬਣੀ ਨਵੀਂ ਇਮਾਰਤ ਲੰਮੇ ਸਮੇਂ ਤੋਂ ਬੰਦ ਪਈ ਸੀ, ਉਸ ਨੂੰ ਸਾਫ਼ ਕਰਵਾ ਕੇ ਖੋਲ੍ਹ ਦਿੱਤਾ ਗਿਆ ਹੈ ਅਤੇ ਇਥੇ ਲੱਗੀ ਲਿਫਟ ਵੀ ਚਾਲੂ ਕਰਵਾ ਦਿੱਤੀ ਗਈ ਹੈ।

ਇਸ ਵਾਰ ਨਰਾਤਿਆਂ ਦੌਰਾਨ ਰੋਜ਼ ਸਵੇਰੇ ਸਾਢੇ 8 ਵਜੇ ਹਵਨ ਸ਼ੁਰੂ ਹੋਵੇਗਾ, ਜਿਸ ਲਈ ਆਮ ਸ਼ਰਧਾਲੂ ਬੁਕਿੰਗ ਕਰਵਾ ਸਕਦੇ ਹਨ। ਇਸ ਦੌਰਾਨ ਮੰਦਰ ਦੇ ਮਾਹੌਲ ਨੂੰ ਹੋਰ ਅਧਿਆਤਮਿਕ ਬਣਾਉਣ ਲਈ ਮੰਤਰਾਂ ਦਾ ਉਚਾਰਨ ਚੱਲਦਾ ਰਹੇਗਾ, ਜਿਸ ਨਾਲ ਸ਼ਰਧਾਲੂਆਂ ਨੂੰ ਬਹੁਤ ਹੀ ਪਵਿੱਤਰ ਤੇ ਅਧਿਆਤਮਿਕ ਮਾਹੌਲ ਮਿਲੇਗਾ।

Read More : ਦੂਜੀ ਵਾਰ ਵਿਧਾਇਕ ਪਠਾਣਮਾਜਰਾ ਨੇ ਲਗਾਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ

Leave a Reply

Your email address will not be published. Required fields are marked *