ਕਰਤਾਰਪੁਰ ਸਾਹਿਬ ਲਾਂਘਾ

ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਸਰਹੱਦ ’ਤੇ ਸੰਗਤ ਵੱਲੋਂ ਅਰਦਾਸ ; ਬੀ.ਐੱਸ.ਐੱਫ. ਨਾਲ ਹੋਈ ਬਹਿਸ

ਲਾਂਘੇ ਦੇ ਦੋਵੇਂ ਪਾਸੇ ‘ਗੁਰੂ ਨਾਨਕ ਫ਼ਰੀ ਵਪਾਰ ਜ਼ੋਨ’ ਬਣਾਉਣ ਦੀ ਮੰਗ

ਡੇਰਾ ਬਾਬਾ ਨਾਨਕ, 8 ਫਰਵਰੀ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੰਦ ਪਿਆ ਲਾਂਘਾ ਮੁੜ ਖੋਲ੍ਹਣ ਵਾਸਤੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਅੰਤਰਰਾਸ਼ਟਰੀ ਸਰਹੱਦ ’ਤੇ ਅਰਦਾਸ ਕੀਤੀ ਗਈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀਆਂ ਨਾਨਕ ਨਾਮ ਲੇਵਾ ਸੰਗਤਾਂ ਨੇ ਪਹਿਲਾਂ ਦਰਸ਼ਨ ਅਸਥਾਨ ’ਤੇ ਖਲੋ ਕੇ ਸਤਿਨਾਮ-ਵਾਹਿਗੁਰੂ ਦਾ ਜਾਪ ਕੀਤਾ ਅਤੇ ਫਿਰ ਲਾਂਘਾ ਖੋਲ੍ਹਣ ਲਈ ਜੋਦੜੀ ਕੀਤੀ।

ਬੀ.ਐੱਸ.ਐੱਫ. ਵੱਲੋਂ ਅਰਦਾਸ ਕਰਨ ਤੋਂ ਰੋਕਣ ’ਤੇ ਰੋਸ ਅਰਦਾਸ ਕਰਨ ਪੁੱਜੀਆਂ ਸੰਗਤਾਂ ਨੂੰ ਉਸ ਵੇਲੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਅਧਿਕਾਰੀਆਂ ਨੇ ਉਨ੍ਹਾਂ ਨੂੰ ਅਰਦਾਸ ਕਰਨ ਤੋਂ ਰੋਕ ਦਿੱਤਾ। ਇਸ ਮੌਕੇ ਸਿੱਖ ਆਗੂਆਂ ਅਤੇ ਬੀ.ਐੱਸ.ਐੱਫ. ਕਰਮਚਾਰੀਆਂ ਵਿਚਾਲੇ ਤਿੱਖੀ ਬਹਿਸ ਹੋਈ। ਕਾਫ਼ੀ ਜੱਦੋ-ਜਹਿਦ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਅਸਥਾਨ ’ਤੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਗਈ, ਜਿਸ ਕਾਰਨ ਸੰਗਤ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ।

ਲਾਂਘੇ ਨੂੰ ਵਪਾਰਕ ਗਤੀਵਿਧੀਆਂ ਲਈ ਖੋਲ੍ਹਣ ਦੀ ਮੰਗ ਇਸ ਮੌਕੇ ਮਨਜੀਤ ਸਿੰਘ ਭੋਮਾ (ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ, ਦਿੱਲੀ ਕਮੇਟੀ), ਸਰਬਜੀਤ ਸਿੰਘ ਜੰਮੂ (ਸਕੱਤਰ ਹਰਿਆਣਾ ਕਮੇਟੀ) ਅਤੇ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਇਸ ਲਾਂਘੇ ਨੂੰ ਤੁਰੰਤ ਖੋਲ੍ਹਿਆ ਜਾਵੇ।

ਉਨ੍ਹਾਂ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹਬਾਜ਼ ਸ਼ਰੀਫ਼ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਣ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸਰਹੱਦ ਦੇ ਦੋਵੇਂ ਪਾਸੇ ਦੋ-ਦੋ ਕਿਲੋਮੀਟਰ ਤੱਕ ‘ਗੁਰੂ ਨਾਨਕ ਫ਼ਰੀ ਵਪਾਰ ਜ਼ੋਨ’ ਸਥਾਪਤ ਕੀਤਾ ਜਾਵੇ ਤਾਂ ਜੋ ਆਪਸੀ ਵਪਾਰ ਨਾਲ ਦੋਵਾਂ ਦੇਸ਼ਾਂ ਦੇ ਲੋਕ ਖ਼ੁਸ਼ਹਾਲ ਹੋ ਸਕਣ ਅਤੇ ਭਾਈਚਾਰਕ ਸਾਂਝ ਵਧੇ।

ਇਸ ਮੌਕੇ ਡਾ. ਦਰਸ਼ਨ ਸਿੰਘ ਗੁੱਜਰਪੁਰਾ, ਭਾਈ ਨਿਸ਼ਾਨ ਸਿੰਘ, ਸ਼ਰਨਜੀਤ ਸਿੰਘ ਕੋਟ ਪਠਾਣਾਂ, ਸੁਖਰਾਜ ਸਿੰਘ ਧਰਦਿਓ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਆਗੂ ਅਤੇ ਸ਼ਰਧਾਲੂ ਹਾਜ਼ਰ ਸਨ।

Read More : ਯੂ.ਪੀ. ’ਚ ਸਿੱਖ ਵਿਦਿਆਰਥੀ ਨੂੰ ਕਿਰਪਾਨ ਸਮੇਤ ਪ੍ਰੀਖਿਆ ਦੇਣ ਤੋਂ ਰੋਕਿਆ

Leave a Reply

Your email address will not be published. Required fields are marked *