ਯੋਗ ਨਾਲ ਜੁੜਨ ਲਈ ਜ਼ਿਲਾ ਵਾਸੀ ਸੀ. ਐੱਮ. ਯੋਗਸ਼ਾਲਾ ਦੀ ਮਦਦ ਲੈਣ : ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 21 ਜੂਨ :- ਸੀ. ਐੱਮ. ਦੀ ਯੋਗਸ਼ਾਲਾ ਤਹਿਤ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਅਗਵਾਈ ਹੇਠ ਜ਼ਿਲਾ ਆਯੁਰਵੈਦਿਕ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਇਸ ਯੋਗ ਦਿਵਸ ਵਿਚ ਸਿਹਤ ਮੰਤਰੀ ਬਲਬੀਰ ਸਿੰਘ, ਵਿਧਾਇਕ ਡਾ. ਅਜੇ ਗੁਪਤਾ, ਡੀ. ਸੀ. ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸਨਰ ਮੇਜਰ ਅਮਿਤ ਸਰੀਨ, ਜ਼ਿਲਾ ਆਯੁਰਵੈਦਿਕ ਅਫਸਰ ਡਾ. ਦਿਨੇਸ਼ ਕੁਮਾਰ, ਸਿਵਲ ਸਰਜਨ ਡਾ. ਕਿਰਨਦੀਪ ਕੌਰ, ਸੈਮਸਨ ਮਸੀਹ, ਅਰਵਿੰਦਰ ਭੱਟੀ ਤੋਂ ਇਲਾਵਾ 1500 ਤੋਂ ਵੱਧ ਦੇ ਕਰੀਬ ਸ਼ਹਿਰੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ।
ਇਸ ਸੈਸ਼ਨ ’ਚ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਕਈ ਆਸਣ ਕਰਵਾਉਣ ਉਪਰੰਤ ਪ੍ਰਾਣਾਯਾਮ ਅਤੇ ਧਿਆਨ ਕਰਵਾਇਆ ਗਿਆ।
ਯੋਗਾ ਦਿਵਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਕਿਹਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨੇ ਚਾਹੀਦੇ ਹਨ ਤਾਂ ਜੋ ਤੰਦਰੁਸਤ ਸਰੀਰ ਅਤੇ ਮਨ ਨਾਲ ਜੀਵਨ ਬਤੀਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਯੋਗ ਨਾਲ ਅਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸੀ. ਐੱਮ. ਯੋਗਸ਼ਾਲਾ ਦੀ ਸ਼ੁਰੂਆਤ ਵੀ ਇਸੇ ਮਕਸਦ ਨਾਲ ਕੀਤੀ ਗਈ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜੰਕ ਫੂਡ ਤੋ ਪ੍ਰਹੇਜ਼ ਕਰਨ ਤਾਂ ਹੀ ਉਹ ਅਾਪਣੀ ਸਿਹਤ ਨੂੰ ਠੀਕ ਰੱਖ ਸਕਦੇ ਹਨ।
ਇਸ ਮੌਕੇ ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਯੋਗਾ ਸਾਡੀ ਵਿਰਾਸਤ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਯੋਗਾ ਇਕ ਸੰਪੂਰਨ ਕਸਰਤ ਹੈ ਜੋ ਕਿ ਸਰੀਰ ਅਤੇ ਆਤਮਾ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗ ਨੂੰ ਰੋਜ਼ਾਨਾ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਤਾਂ ਜੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ।
ਇਸ ਮੌਕੇ ਡੀ. ਸੀ. ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਕਿਹਾ ਕਿ ਯੋਗਾ ਨਾਲ ਜੁੜਨ ਲਈ ਜ਼ਿਲਾ ਵਾਸੀ ਸੀ. ਐੱਮ. ਦੀ ਯੋਗਸ਼ਾਲਾ ਦੀ ਮਦਦ ਲੈਣ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਯੋਗਾ ਸਿਖਾਉਣ ਲਈ 25 ਯੋਗ ਟ੍ਰੇਨਰ ਅਤੇ 44 ਡਿਪਲੋਮਾ ਵਿਦਿਆਰਥੀ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਸਿਹਤ ਮੰਤਰੀ ਪੰਜਾਬ ਅਤੇ ਹੋਰ ਪਤਵੰਤਿਆਂ ਨੂੰ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਸੀ. ਐੱਮ. ਦੀ ਯੋਗਸ਼ਾਲਾ ’ਚ ਵਧੀਆ ਕੰਮ ਕਰਨ ਵਾਲੇ ਯੋਗ ਟ੍ਰੇਨਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਯੋਗ ਦਿਵਸ ’ਚ ਸਕੂਲੀ ਬੱਚਿਆਂ ਤੋਂ ਇਲਾਵਾ ਭਾਰਤੀ ਯੋਗ ਸੰਸਥਾਨ ਦੇ ਪ੍ਰਤੀਨਿਧੀ ਵੱਡੀ ਗਿਣਤੀ ’ਚ ਹਾਜ਼ਰ ਸਨ। ਇਸ ਸਮੇਂ ਯੋਗ ਕੋਆਰਡੀਨੇਟਰ ਸੰਜੇ ਸਿੰਘ ਵੀ ਹਾਜ਼ਰ ਸਨ।
Read More : ਈਰਾਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਜਹਾਜ਼ ਪਹੁੰਚਿਆ ਦਿੱਲੀ