Harpal-Singh-Cheema

ਬਾਜਵਾ ਦੀ ਟਿੱਪਣੀ ‘ਤੇ ਸਿਆਸਤ ਗਰਮਾਈ; ਚੀਮਾ ਨੇ ਦਿੱਤੀ 24 ਘੰਟਿਆਂ ‘ਚ ਮੁਆਫ਼ੀ ਮੰਗਣ ਦੀ ਚਿਤਾਵਨੀ

ਚੰਡੀਗੜ੍ਹ, 8 ਫਰਵਰੀ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਕੀਤੀਆਂ ਕਥਿਤ ਟਿੱਪਣੀਆਂ ਨੂੰ ਲੈ ਕੇ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਾਜਵਾ ਨੂੰ 24 ਘੰਟਿਆਂ ਦੇ ਅੰਦਰ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ ਹੈ ਅਤੇ ਅਜਿਹਾ ਨਾ ਕਰਨ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂ ਜਾਣਬੁੱਝ ਕੇ ਦਲਿਤ ਮੰਤਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਚੀਮਾ ਨੇ ਬਾਜਵਾ ਦੀ ਭਾਸ਼ਾ ਨੂੰ ਅਪਮਾਨਜਨਕ ਦੱਸਦਿਆਂ ਕਿਹਾ ਕਿ ਕਦੇ ਉਹ ‘ਸਮੱਗਰੀ’ ਅਤੇ ਕਦੇ ‘ਮਾਝੇ ਦੇ ਲੋਕ’ ਵਰਗੇ ਸ਼ਬਦ ਵਰਤ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਕਿ ਬਹੁਤ ਮੰਦਭਾਗਾ ਹੈ।

ਮੰਤਰੀ ਚੀਮਾ ਨੇ ਹਰਭਜਨ ਸਿੰਘ ਈਟੀਓ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਇੱਕ ਈਟੀਓ ਵਜੋਂ ਸੇਵਾ ਨਿਭਾਈ। ਸਮਾਜ ਸੇਵਾ ਦੇ ਜਜ਼ਬੇ ਕਾਰਨ ਉਨ੍ਹਾਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਜਨਤਾ ਦੇ ਫਤਵੇ ਨਾਲ ਮੰਤਰੀ ਬਣੇ। ਚੀਮਾ ਅਨੁਸਾਰ, ਅਜਿਹੇ ਮਿਹਨਤੀ ਇਨਸਾਨ ਵਿਰੁੱਧ ਜਾਤੀਸੂਚਕ ਟਿੱਪਣੀਆਂ ਕਰਨਾ ਉਸ ਦੀ ਕਾਬਲੀਅਤ ਅਤੇ ਪੂਰੇ ਭਾਈਚਾਰੇ ਦਾ ਅਪਮਾਨ ਹੈ।

ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਹੁਣ ਜਨਤਕ ਰੈਲੀਆਂ ਵਿੱਚ ਵੀ ਗਰੀਬ ਅਤੇ ਨਿਮਰ ਪਿਛੋਕੜ ਵਾਲੇ ਵਿਧਾਇਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਆਗੂਆਂ ਨੂੰ ਆਪਣੀ ਵੋਟ ਰਾਹੀਂ ਚੁਣ ਕੇ ਵਿਧਾਨ ਸਭਾ ਭੇਜਦੇ ਹਨ, ਇਸ ਲਈ ਜਾਤੀ ਦੇ ਆਧਾਰ ‘ਤੇ ਕਿਸੇ ਦਾ ਅਪਮਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੀਮਾ ਨੇ ਸਪੱਸ਼ਟ ਕੀਤਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਨੇ ਅਗਲੇ 24 ਘੰਟਿਆਂ ਵਿੱਚ ਇਸ ਬਿਆਨ ਲਈ ਦਲਿਤ ਭਾਈਚਾਰੇ ਤੋਂ ਮੁਆਫ਼ੀ ਨਾ ਮੰਗੀ, ਤਾਂ ਸਰਕਾਰ ਅਤੇ ਪਾਰਟੀ ਸਖ਼ਤ ਕਾਨੂੰਨੀ ਤੇ ਸਿਆਸੀ ਕਦਮ ਚੁੱਕਣ ਲਈ ਮਜਬੂਰ ਹੋਵੇਗੀ।

Read More : ਧਾਰੀਵਾਲ ਕਲੇਰ ਦੀ ਪੰਚਾਇਤ ਦਾ ਵੱਡਾ ਫੈਸਲਾ

Leave a Reply

Your email address will not be published. Required fields are marked *