ਪੁਲਸ ਛਾਉਣੀ ’ਚ ਬਦਲਿਆ ਪਿੰਡ
ਅਬੋਹਰ, 10 ਸਤੰਬਰ : ਲਾਰੈਂਸ ਗੈਂਗ ਦਾ ਨਾਂ ਇਸ ਸਮੇਂ ਦੇਸ਼ ’ਚ ਦਹਿਸ਼ਤ ਦੇ ਮਾਮਲੇ ’ਚ ਸੁਰਖੀਆਂ ’ਚ ਹੈ। ਲੋਕਾਂ ਤੋਂ ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ਹਰ ਰੋਜ਼ ਸਾਹਮਣੇ ਆਉਂਦੇ ਰਹਿੰਦੇ ਹਨ। ਰਾਜਸਥਾਨ ਦੇ ਬੀਕਾਨੇਰ ਤੋਂ ਵੀ ਅਜਿਹੀ ਹੀ ਇਕ ਘਟਨਾ ਸਾਹਮਣੇ ਆ ਰਹੀ ਹੈ, ਜਿਸ ’ਚ ਲਾਰੈਂਸ ਗੈਂਗ ਨੇ ਇਕ ਕਾਂਗਰਸੀ ਨੇਤਾ ਦੇ ਘਰ ’ਤੇ ਹਮਲਾ ਕੀਤਾ ਹੈ।
ਅੱਜ ਰਾਜਸਥਾਨ ਪੁਲਸ ਨੇ ਪੰਜਾਬ ਪੁਲਸ ਨਾਲ ਮਿਲ ਕੇ ਲਾਰੈਂਸ ਬਿਸ਼ਨੋਈ ਦੇ ਜੱਦੀ ਪਿੰਡ ਦੁਤਾਰਾਂਵਾਲੀ ਸਥਿਤ ਘਰ ’ਚ ਛਾਪਾ ਮਾਰਿਆ। ਜਿਸ ਕਾਰਨ ਪੂਰਾ ਪਿੰਡ ਛਾਉਣੀ ’ਚ ਬਦਲ ਗਿਆ ਅਤੇ ਕਈ ਘੰਟਿਆਂ ਤੱਕ ਡੂੰਘਾਈ ਨਾਲ ਜਾਂਚ ਕੀਤੀ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬੀਕਾਨੇਰ ’ਚ ਕਾਂਗਰਸ ਨੇਤਾ ਧਨਪਤ ਚਾਇਲ ਅਤੇ ਕਾਰੋਬਾਰੀ ਸੁਖਦੇਵ ਚਾਇਲ ਦੇ ਘਰ ’ਤੇ ਗੋਲੀਬਾਰੀ ਹੋਈ ਹੈ ਅਤੇ ਲਾਰੈਂਸ ਗੈਂਗ ਦੇ ਗੈਂਗਸਟਰ ਹੈਰੀ ਬਾਕਸਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਇਸ ਗੋਲੀਬਾਰੀ ਦੀ ਕਥਿਤ ਜ਼ਿੰਮੇਵਾਰੀ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ 7 ਰਾਊਂਡ ਫਾਇਰ ਕੀਤੇ। ਜਿਸ ਕਾਰਨ ਘਰ ਦੇ ਸ਼ੀਸ਼ੇ ਟੁੱਟ ਗਏ ਅਤੇ ਦਰਵਾਜ਼ਿਆਂ, ਕੰਧਾਂ, ਖਿੜਕੀਆਂ ’ਤੇ ਗੋਲੀਆਂ ਦੇ ਨਿਸ਼ਾਨ ਵੀ ਪਏ ਮਿਲੇ ਹਨ। ਜ਼ਿਕਰਯੋਗ ਹੈ ਕਿ ਧਨਪਤ ਚਾਇਲ ਅਤੇ ਸੁਖਦੇਵ ਚਾਇਲ ਸੱਕੇ ਭਰਾ ਹਨ।
ਇਸ ਘਟਨਾ ਤੋਂ ਬਾਅਦ ਗੈਂਗਸਟਰ ਹੈਰੀ ਬਾਕਸਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਬੀਕਾਨੇਰ ’ਚ ਸੁਖਦੇਵ ਚਾਇਲ ਦੇ ਘਰ ’ਤੇ ਅੱਜ ਰਾਤ ਗੋਲੀਬਾਰੀ ਹੋਈ। ਇਸ ਦੀ ਜ਼ਿੰਮੇਵਾਰੀ ਮੈਂ ਹੈਰੀ ਬਾਕਸਰ ਅਤੇ ਸੁੰਧਰ ਹਾਂਸੀ ਹਰਿਆਣਾ, ਅਸੀਂ ਦੋਵੇਂ ਭਰਾ ਇਸ ਦੀ ਜ਼ਿੰਮੇਵਾਰੀ ਲੈਂਦੇ ਹਾਂ।
ਅਸੀਂ ਇਹ ਗੋਲੀਬਾਰੀ ਕੀਤੀ ਹੈ। ਉਹ ਸਾਡੇ ਫੋਨ ਦੀ ਘੰਟੀ ਨਹੀਂ ਸੁਣ ਸਕਿਆ। ਇਸ ਲਈ ਅਸੀਂ ਉਸ ਨੂੰ ਇਹ ਛੋਟੀ ਜਿਹੀ ਚਿਤਾਵਨੀ ਦਿੱਤੀ ਹੈ ਕਿ ਭਵਿੱਖ ’ਚ ਜਾਂ ਤਾਂ ਉਹ ਸਮੇਂ ਸਿਰ ਲਾਈਨ ’ਤੇ ਆ ਜਾਵੇਗਾ ਜਾਂ ਫਿਰ ਅਸੀਂ ਉਸ ਨੂੰ ਸਿੱਧੀ ਛਾਤੀ ’ਚ ਗੋਲੀ ਮਾਰ ਦੇਵਾਂਗੇ ਅਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਫੋਨ ਕੀਤਾ ਹੈ ਉਹ ਸਾਰੇ ਸੋਚ ਰਹੇ ਹਨ ਕਿ ਅਸੀਂ ਭੁੱਲ ਗਏ ਹਾਂ। ਸਬਰ ਰੱਖੋ, ਸਾਰਿਆਂ ਦੀ ਵਾਰੀ ਆਵੇਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ ’ਚ ਲੈ ਲਈ ਹੈ ਜਿਸ ’ਚ ਹੈਲਮੇਟ ਪਹਿਨੇ 2 ਨੌਜਵਾਨ ਮੋਟਰਸਾਈਕਲ ’ਤੇ ਸਵਾਰ ਦਿਖਾਈ ਦੇ ਰਹੇ ਹਨ। ਫੁਟੇਜ ’ਚ ਗੋਲੀਬਾਰੀ ਦੀ ਆਵਾਜ਼ ਵੀ ਸਾਫ ਸੁਣਾਈ ਦੇ ਰਹੀ ਹੈ। ਪੁਲਸ ਨੇ ਫੁਟੇਜ ਆਪਣੇ ਕਬਜ਼ੇ ’ਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਦੇ ਪੀੜਤਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਫੋਨ ਆਇਆ ਸੀ। ਜਿਸ ’ਚ ਫੋਨ ਕਰਨ ਵਾਲੇ ਨੇ ਆਪਣਾ ਨਾਂ ਰੋਹਿਤ ਗੋਦਾਰਾ ਦੱਸਿਆ ਅਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।
ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਉਸਦੀ ਅਤੇ ਉਸਦੇ ਭਰਾ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਸ ਨੇ ਰੋਹਿਤ ਗੋਦਾਰਾ ਦੇ ਪਿੰਡ ਥਾਣਾ ਕਾਲੂ, ਅਮਿਤ ਪੰਡਿਤ ਦੇ ਪਿੰਡ 15 ਜੈਡ ਅਤੇ ਕਾਰਤਿਕ ਜਾਖੜ ਅਤੇ ਵਿਸ਼ਾਲ ਪਚਾਰ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ।
Read More : ਮੁੱਖ ਮੰਤਰੀ ਮਾਨ ਦਾ ਹਾਲ-ਚਾਲ ਪੁੱਛਣ ਹਸਪਤਾਲ ਪਹੁੰਚੇ ਪੰਜਾਬ ਰਾਜਪਾਲ