ਪਾਕਿਸਤਾਨੀ ਗੈਂਗਸਟਰ ਨੇ ਲਾਰੈਂਸ ਗੈਂਗ ਨੂੰ ਦਿੱਤੀ ਚੁਣੌਤੀ; ਸਰਹੱਦੀ ਖੇਤਰ ਵਿੱਚ ਸੁਰੱਖਿਆ ਸਖ਼ਤ
ਗੁਰਦਾਸਪੁਰ, 24 ਫਰਵਰੀ : ਆਦੀਆਂ ਪੁਲਸ ਚੌਕੀ ’ਤੇ ਦੋ ਜਵਾਨਾਂ ਦੇ ਹੋਏ ਬੇਰਹਿਮ ਕਤਲ ਤੋਂ ਬਾਅਦ ਜਿੱਥੇ ਖ਼ੁਫ਼ੀਆ ਏਜੰਸੀਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ, ਉੱਥੇ ਹੀ ਸੋਸ਼ਲ ਮੀਡੀਆ ’ਤੇ ਅਪਰਾਧੀ ਗਿਰੋਹਾਂ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਸ ਹਮਲੇ ਦੀ ਨਿੰਦਾ ਕਰਦਿਆਂ ਬਦਲਾ ਲੈਣ ਦੀ ਗੱਲ ਕਹੀ ਗਈ ਸੀ, ਜਿਸ ਦੇ ਜਵਾਬ ਵਿੱਚ ਹੁਣ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਲਾਰੈਂਸ ਗੈਂਗ ਨੂੰ ਸਿੱਧੀ ਚੁਣੌਤੀ ਦਿੱਤੀ ਹੈ।
ਸ਼ਹਿਜ਼ਾਦ ਭੱਟੀ ਨੇ ਸੋਸ਼ਲ ਮੀਡੀਆ ਰਾਹੀਂ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਲਾਰੈਂਸ ਗੈਂਗ ਦੇ ਦਾਅਵਿਆਂ ਨੂੰ ਸਿਰਫ਼ ਸ਼ੋਹਰਤ ਹਾਸਲ ਕਰਨ ਦਾ ਜ਼ਰੀਆ ਦੱਸਿਆ। ਉਸ ਨੇ ਦੁਬਈ ਵਿੱਚ ਹੋਈ ਇੱਕ ਹੱਤਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੱਡੇ ਦਾਅਵੇ ਕਰਨ ਤੋਂ ਪਹਿਲਾਂ ਗੈਂਗ ਆਪਣੇ ਪੁਰਾਣੇ ਬਦਲੇ ਪੂਰੇ ਕਰਕੇ ਦਿਖਾਵੇ। ਭੱਟੀ ਨੇ ਲਾਰੈਂਸ ਗੈਂਗ ਨੂੰ “ਦੇਸ਼ ਦਾ ਗੱਦਾਰ” ਕਹਿੰਦਿਆਂ ਇਲਜ਼ਾਮ ਲਾਇਆ ਕਿ ਇਹ ਗਿਰੋਹ ਸਿਰਫ਼ ਝੂਠੀਆਂ ਪੋਸਟਾਂ ਰਾਹੀਂ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦਾ ਹੈ।
ਦੂਜੇ ਪਾਸੇ, ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਇੱਕ ਅੱਤਵਾਦੀ ਸੰਗਠਨ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਇਸ ਘਟਨਾ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਾਤਲਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਫੋਰੈਂਸਿਕ ਟੀਮਾਂ ਸਬੂਤ ਜੁਟਾ ਰਹੀਆਂ ਹਨ ਅਤੇ ਪੂਰੇ ਸਰਹੱਦੀ ਖੇਤਰ ਵਿੱਚ ਸੁਰੱਖਿਆ ਨੂੰ ਬੇਹੱਦ ਸਖ਼ਤ ਕਰ ਦਿੱਤਾ ਗਿਆ ਹੈ।
Read More : ਸ਼ਹੀਦ ਏ.ਐੱਸ.ਆਈ. ਗੁਰਨਾਮ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ
