ਬਰਨਾਲਾ, 18 ਅਗਸਤ : ਸੋਮਵਾਰ ਨੂੰ ਬਾਅਦ ਦੁਪਹਿਰ ਜ਼ਿਲਾ ਬਰਨਾਲਾ ਅਧੀਨ ਆਉਂਦੇ ਥਾਣਾ ਧਨੌਲਾ ਵਿਖੇ ਤਾਇਨਾਤ ਥਾਣੇਦਾਰ ਨੂੰ ਰਿਸ਼ਵਤ ਲੈਂਦਿਆ ਵਿਜੀਲੈਂਸ ਨੇ ਰੰਗੇ ਹੱਥੀ ਦਬੋਚ ਲਿਆ ਹੈ।
ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਦਈ ਜੋਗਾ ਸਿੰਘ ਵਾਸੀ ਬਡਬਰ ਨੇ ਵਿਜੀਲੈਂਸ ਬਿਊਰੋ ਬਰਨਾਲਾ ਕੋਲ ਰਿਸ਼ਵਤਖੋਰੀ ਦਾ ਮਾਮਲਾ ਧਿਆਨ ’ਚ ਲਿਆਂਦਾ ਗਿਆ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਧਨੌਲਾ ’ਚ ਤਾਇਨਾਤ ਥਾਣੇਦਾਰ ਸੁਖਦੇਵ ਰਾਮ ਨੂੰ 8000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜੋਗਾ ਸਿੰਘ ਬਾਸੀ ਬਡਬਰ ਦੇ ਪੁੱਤਰ ਨਿਰਮਲ ਸਿੰਘ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਦਾ ਇਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਤੇ ਧਨੌਲਾ ਪੁਲਸ ਨੇ ਉਨ੍ਹਾਂ ਦੇ ਘਰ ਰੇਡ ਕਰ ਕੇ ਪਰਿਵਾਰ ਦੇ ਤਿੰਨ ਮੋਬਾਈਲ ਆਪਣੇ ਕਬਜ਼ੇ ’ਚ ਲੈ ਲਏ ਸਨ, ਜਿਸ ਨੂੰ ਦਰਜ ਮਾਮਲੇ ਵਿਚ ਦਰਜ ਨਹੀਂ ਕੀਤਾ ਗਿਆ ਸੀ। ਪਰਿਵਾਰ ਵੱਲੋਂ ਪੁਲਸ ਤੋਂ ਇਹ ਮੋਬਾਈਲ ਵਾਪਸ ਮੰਗੇ ਜਾ ਰਹੇ ਸੀ, ਜਿਸ ’ਤੇ ਏ. ਐੱਸ. ਆਈ. ਸੁਖਦੇਵ ਰਾਮ ਨੇ ਰਿਸ਼ਵਤ ਦੇ ਤੌਰ ’ਤੇ 10000 ਮੰਗੇ ਸਨ, ਜਿਸ ਦਾ ਸੌਦਾ 8000 ਰੁਪਏ ’ਚ ਤੈਅ ਹੋ ਗਿਆ ਸੀ।
ਉਨ੍ਹਾਂ ਦੇ ਪਿੰਡ ਦੇ ਹੀ ਇਕ ਸਤਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਬਡਬਰ ਨੇ ਥਾਣੇਦਾਰ ਨੂੰ ਰਿਸ਼ਵਤ ਦਵਾਉਣ ’ਚ ਵਿਚੋਲਗੀ ਨਿਭਾਈ ਗਈ, ਉਸਨੂੰ ਵੀ ਵਿਜੀਲੈਂਸ ਨੇ ਥਾਣੇਦਾਰ ਦੇ ਨਾਲ ਹੀ ਗ੍ਰਿਫ਼ਤਾਰ ਕਰ ਲਿਆ ਹੈ।
ਵਿਜੀਲੈਂਸ ਦੇ ਏ. ਐੱਸ. ਆਈ. ਸਤਿਗੁਰ ਸਿੰਘ ਨੇ ਦੱਸਿਆ ਕਿ ਪੁਲਸ ਨਾਲ ਰਿਸ਼ਵਤ ਦਵਾਉਣ ਦੀ ਵਿਚੋਲਗੀ ਕਰਨ ਵਾਲੇ ਸਤਵਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਇਕ ਵਿਚੋਲਗੀ ਦਾ ਹੀ ਮਾਮਲਾ ਦਰਜ ਹੈ। ਵਿਜੀਲੈਂਸ ਬਿਊਰੋ ਬਰਨਾਲਾ ਨੇ ਏ. ਐੱਸ. ਆਈ. ਸੁਖਦੇਵ ਰਾਮ ਤੇ ਉਸ ਦੇ ਨਿੱਜੀ ਸਾਥੀ ਸਤਵਿੰਦਰ ਸਿੰਘ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
Read More : ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਤੇ ਮੁੱਖ ਮੰਤਰੀ ਨੂੰ ਲਿਖੇ ਪੱਤਰ