ਪਠਾਨਕੋਟ ਵਿਚ ਚਲਾਇਆ ਸਰਚ ਆਪ੍ਰੇਸ਼ਨ, ਚੱਪਾ-ਚੱਪਾ ਖੰਗਾਲਿਆ
ਪਠਾਨਕੋਟ, 24 ਜੂਨ :- ਅਮਰਨਾਥ ਯਾਤਰਾ ਨੂੰ ਸੁਰੱਖਿਅਤ ਅਤੇ ਸ਼ਾਂਤਮਈ ਢੰਗ ਨਾਲ ਸੰਪੰਨ ਕਰਵਾਉਣ ਦੇ ਟੀਚੇ ਨਾਲ ਪਠਾਨਕੋਟ ’ਚ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਕਰ ਦਿੱਤੇ ਗਏ ਹਨ। ਇਸ ਸਬੰਧੀ ਜ਼ਿਲਾ ਪੁਲਸ, ਆਰਮੀ ਦੀ ਆਰਮਡ ਫੋਰਸ ਅਤੇ ਐੱਸ. ਓ. ਜੀ. (ਸਪੈਸ਼ਲ ਓਪਰੇਸ਼ਨ ਗਰੁੱਪ) ਦੀਆਂ ਟੀਮਾਂ ਵੱਲੋਂ ਅੱਜ ਸ਼ਹਿਰ ਦੇ ਸਰਕੂਲਰ ਰੋਡ, ਝੁੱਗੀ-ਝੌਪੜੀਆਂ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਐੱਸ. ਐੱਸ. ਪੀ. ਪਠਾਨਕੋਟ ਦੇ ਨਿਰਦੇਸ਼ਾਂ ਹੇਠ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਬਾਹਰੀ ਵਿਅਕਤੀ ਸ਼ੱਕੀ ਦਿਸਦਾ ਹੋਵੇ ਉਨ੍ਹਾਂ ਦੀ ਪਛਾਣ ਕਰ ਕੇ ਜਾਂਚ ਕੀਤੀ ਜਾਵੇ। ਸਰਕੂਲਰ ਰੋਡ ਦੀਆਂ ਝੁੱਗੀਆਂ, ਜਿੱਥੇ ਅਕਸਰ ਪ੍ਰਵਾਸੀ ਲੋਕ ਰਹਿੰਦੇ ਹਨ, ਉਥੇ ਘਰ-ਘਰ ਜਾ ਕੇ ਪੁਲਸ ਨੇ ਜਾਂਚ ਕੀਤੀ। ਘਰਾਂ ’ਚ ਰਹਿ ਰਹੇ ਲੋਕਾਂ ਦੀ ਪਛਾਣ, ਉਨ੍ਹਾਂ ਦੇ ਦਸਤਾਵੇਜ਼ ਅਤੇ ਕਿਰਾਏਦਾਰਾਂ ਦਾ ਰਿਕਾਰਡ ਜਾਂਚਿਆ ਗਿਆ।
ਪੁਲਸ ਨੇ ਯਕੀਨੀ ਬਣਾਇਆ ਕਿ ਕੋਈ ਵੀ ਵਿਅਕਤੀ ਬਿਨਾਂ ਪਛਾਣ ਜਾਂ ਵੈਧ ਦਸਤਾਵੇਜ਼ਾਂ ਦੇ ਇਲਾਕੇ ’ਚ ਨਾ ਰਹਿ ਰਿਹਾ ਹੋਵੇ। ਮਕਾਨ ਮਾਲਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇਕਰ ਉਹ ਕਿਸੇ ਨੂੰ ਕਿਰਾਏ ’ਤੇ ਰੱਖਦੇ ਹਨ ਤਾਂ ਉਸਦੀ ਜਾਣਕਾਰੀ ਨਜ਼ਦੀਕੀ ਥਾਣੇ ’ਚ ਦੇਣੀ ਲਾਜ਼ਮੀ ਹੈ।
ਸ਼ੱਕੀ ਵਿਅਕਤੀਆਂ ’ਤੇ ਖਾਸ ਨਿਗਰਾਨੀ
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਮਰਨਾਥ ਯਾਤਰਾ ਵਰਗੇ ਸਮੇਂ ਦੌਰਾਨ ਅਕਸਰ ਅੱਤਵਾਦੀ ਜਾਂ ਅਸਮਾਜਿਕ ਤੱਤ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਠਾਨਕੋਟ ਜਿਹੇ ਸੈਂਸੇਟਿਵ ਇਲਾਕੇ, ਜੋ ਕਿ ਜੰਮੂ-ਕਸ਼ਮੀਰ ਦਾ ਦੁਆਰ ਹੈ, ਅਤੀਤ ’ਚ ਵੀ ਕਈ ਵਾਰੀ ਅੱਤਵਾਦੀ ਹਮਲੇ ਹੋ ਚੁੱਕੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਪੁਲਸ ਢਿੱਲ ਨਹੀਂ ਛੱਡਣਾ ਚਾਹੁੰਦੀ।
Read More : ਵਿਅਕਤੀ ਨੇ ਖੁਦ ਨੂੰ ਲਾਈ ਅੱਗ, ਮੌਤ