ਦੂਸਰੇ ਮੁਲਜ਼ਮ ਵੀ ਛੇਤੀ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ
ਬੇਅਦਬੀਆਂ ਖਿਲਾਫ ਕਾਨੂੰਨ ਬਣਾਉਣ ਲਈ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 19 ਜੁਲਾਈ :- ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਖਿਲਾਫ ਕਾਨੂੰਨ ਬਣਾਉਣ ਲਈ ਚੱਲ ਰਹੀ ਕਾਰਵਾਈ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ, ਉੱਥੇ ਇਹ ਕੁਝ ਸਮਾਂ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ।
ਉਨ੍ਹਾਂ ਦੱਸਿਆ ਕਿ ਉਕਤ ਕਾਨੂੰਨ ਬਣਾਉਣ ਲਈ ਸਾਰੇ ਬੁੱਧੀਜੀਵੀਆਂ, ਵਕੀਲਾਂ, ਕਾਨੂੰਨਦਾਨਾਂ, ਪ੍ਰੋਫੈਸਰਾਂ ਕੋਲੋਂ ਵਿਚਾਰ ਮੰਗੇ ਗਏ ਹਨ ਅਤੇ ਇਸ ਲਈ ਜੋ ਕਮੇਟੀ ਤਿਆਰ ਕੀਤੀ ਹੈ, ਉਸ ਦੇ ਮੁੱਖੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿਜਰ ਨੂੰ ਬਣਾਇਆ ਗਿਆ ਹੈ। ਉਨ੍ਹਾਂ ਇਸ ਲਈ ਸਾਰੇ ਭਾਈਚਾਰਿਆਂ ਕੋਲੋਂ ਸਹਿਯੋਗ ਅਤੇ ਰਾਏ ਮੰਗੀ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਆਈ ਧਮਕੀ ਦੇ ਬਾਰੇ ਬੋਲਦੇ ਸੰਧਵਾਂ ਨੇ ਕਿਹਾ ਕਿ ਇਹ ਸਥਾਨ ਰੂਹਾਨੀਅਤ ਦਾ ਕੇਂਦਰ ਕਹਾਇਆ ਜਾਂਦਾ ਹੈ, ਜਿੱਥੇ ਆ ਕੇ ਹਰ ਧਰਮਾਂ ਦੇ ਵਿਅਕਤੀ ਆਪਣੀ ਸੁੱਖ, ਸ਼ਾਂਤੀ ਤੇ ਰੱਖਿਆ ਮੰਗਦੇ ਹਨ ਅਤੇ ਗੁਰੂ ਮਹਾਰਾਜ ਕਿਰਪਾ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸ਼ਰਾਰਤੀ ਅਨਸਰ ਵੱਲੋਂ ਈਮੇਲ ਆਈਆਂ ਹਨ, ’ਤੇ ਕਾਰਵਾਈ ਲਈ ਪੁਲਸ ਅਤੇ ਪ੍ਰਸ਼ਾਸਨ ਨਿਰੰਤਰ ਕੰਮ ਕਰ ਰਿਹਾ ਹੈ। ਪੁਲਸ ਪ੍ਰਸ਼ਾਸਨ ਲਗਾਤਾਰ ਸੁਰੱਖਿਆ ਪ੍ਰਬੰਧਾਂ ਦੇ ਨਾਲ ਨਾਲ ਮੁਲਜ਼ਮ ਵਿਅਕਤੀਆਂ ਦੀ ਭਾਲ ਵਿੱਚ ਸਰਗਰਮ ਹੈ। ਇੱਕ ਮੁਲਜ਼ਮ ਨੂੰ ਫੜਿਆ ਜਾ ਚੁੱਕਾ ਹੈ ਅਤੇ ਛੇਤੀ ਹੀ ਦੂਸਰੇ ਮੁਲਜ਼ਮ ਵੀ ਫੜ ਲੈ ਜਾਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਸੁਰੱਖਿਆ ਏਜੰਸੀਆਂ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਸੰਪਰਕ ਰੱਖ ਰਹੇ ਹਨ ਅਤੇ ਅਸੀਂ ਪੰਜਾਬ ਸਰਕਾਰ ਵੱਲੋਂ ਇਹ ਭਰੋਸਾ ਦਿਵਾਉਂਦੇ ਹਾਂ ਅਤੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਮਰਿਆਦਾ ਅਨੁਸਾਰ ਸੁਰੱਖਿਆ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਅਸੀਂ ਸਾਰੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਇਹ ਭਰੋਸਾ ਦਿੰਦੇ ਹਾਂ ਕਿ ਇੱਥੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ, ਕਿਸੇ ਵੀ ਤਰ੍ਹਾਂ ਭੜਕਾਹਾਟ ਵਿੱਚ ਆਉਣ ਦੀ ਲੋੜ ਨਹੀਂ, ਤੁਸੀਂ ਗੁਰੂ ਘਰ ’ਤੇ ਵਿਸ਼ਵਾਸ ਰੱਖੋ, ਸਾਡੀਆਂ ਏਜੰਸੀਆਂ ਲਗਾਤਾਰ ਮੁਲਜ਼ਮ ਨੂੰ ਫੜਨ ਲਈ ਕੰਮ ਕਰ ਰਹੀਆਂ ਹਨ ਅਤੇ ਛੇਤੀ ਹੀ ਮੁਲਜ਼ਮ ਕਾਬੂ ਕਰ ਲੈ ਜਾਣਗੇ।
ਇਸ ਮੌਕੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਜਸਬੀਰ ਸਿੰਘ ਸੰਧੂ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਹੋਰ ਆਗੂ ਵੀ ਹਾਜ਼ਰ ਸਨ।
Read More : ਅਨਮੋਲ ਗਗਨ ਮਾਨ ਨੇ ਲਿਆ ਸਿਆਸਤ ਛੱਡਣ ਦਾ ਫੈਸਲਾ