pm-modi

ਮਹਿਲਾ ਰਾਖਵਾਂਕਰਨ ’ਤੇ ਬੋਲੇ ਪੀ.ਐੱਮ. ਮੋਦੀ; ‘ਮੈਂ ਗ੍ਰਹਿਸਥੀ ਨਹੀਂ ਪਰ ਸਭ ਜਾਣਦਾ ਹਾਂ’

ਸੰਸਦ ’ਚ ਰਚਿਆ ਜਾਵੇਗਾ ਨਵਾਂ ਇਤਿਹਾਸ; ਔਰਤਾਂ ਦੀ ਦਹਾਕਿਆਂ ਦੀ ਉਡੀਕ ਹੋਵੇਗੀ ਖ਼ਤਮ

ਨਵੀਂ ਦਿੱਲੀ, 13 ਅਪ੍ਰੈਲ : ਪੀ. ਐੱਮ. ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਹਿਲਾ ਰਾਖਵਾਂਕਰਨ ਬਿੱਲ ’ਤੇ ਕਿਹਾ ਕਿ ਸਾਡੇ ਦੇਸ਼ ਦੀ ਸੰਸਦ ਇਕ ਨਵਾਂ ਇਤਿਹਾਸ ਰਚਣ ਵਾਲੀ ਹੈ। ਵਿਧਾਨ ਸਭਾਵਾਂ ਤੋਂ ਲੈ ਕੇ ਸੰਸਦ ਤੱਕ ਦਹਾਕਿਆਂ ਦੀ ਉਡੀਕ ਖਤਮ ਹੋਣ ਦਾ ਸਮਾਂ ਆ ਗਿਆ ਹੈ। ਇਸ ਲਈ ਸਰਕਾਰ 16 ਤੋਂ 18 ਅਪ੍ਰੈਲ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਲਿਆਈ ਹੈ।”

ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਵੰਦਨ ਐਕਟ ਔਰਤਾਂ ਦੇ ਜੀਵਨ ਦਾ ਵੱਡਾ ਮੌਕਾ ਬਣਨ ਜਾ ਰਿਹਾ ਹੈ। ਸੰਸਦ ਤੱਕ ਪਹੁੰਚਣ ਦਾ ਰਸਤਾ ਸੌਖਾ ਹੋਣ ਜਾ ਰਿਹਾ ਹੈ। ਅੱਜ ਔਰਤਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਗਈ ਹੈ। ਸਾਡੀਆਂ ਯੋਜਨਾਵਾਂ ਨਾਲ ਔਰਤਾਂ ਆਰਥਿਕ ਤੌਰ ’ਤੇ ਮਜ਼ਬੂਤ ਬਣੀਆਂ ਹਨ।’’ ਉਨ੍ਹਾਂ ਕਿਹਾ, ‘‘ਮੈਂ ਗ੍ਰਹਿਸਥੀ ਨਹੀਂ ਹਾਂ ਪਰ ਜਾਣਦਾ ਸਭ ਹਾਂ।”

ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਔਰਤਾਂ ਦੇ ਸਹੀ ਮਾਅਨਿਆਂ ’ਚ ਸਸ਼ਕਤੀਕਰਨ ਲਈ ਜੀਵਨ ਚੱਕਰ ਦੇ ਹਰ ਪੜਾਅ ਲਈ ਵਿਸ਼ੇਸ਼ ਯੋਜਨਾਵਾਂ ਬਣਾ ਰਹੀ ਹੈ ਅਤੇ ਉਨ੍ਹਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਔਰਤਾਂ ਲਈ ਕਈ ਯੋਜਨਾਵਾਂ ਲੈ ਕੇ ਆਈ— ‘ਬੇਟੀ ਬਚਾਓ-ਬੇਟੀ ਪੜ੍ਹਾਓ’, ‘ਮਾਤ੍ਰਿਤਵ ਯੋਜਨਾ’, ‘ਸੁਕੰਨਿਆ ਸਮ੍ਰਿਧੀ ਯੋਜਨਾ’ ਅਤੇ ‘ਮਿਸ਼ਨ ਇੰਦਰਧਨੁਸ਼’।

ਉਨ੍ਹਾਂ ਕਿਹਾ, ‘‘ਸਕੂਲ ’ਚ ਪਖਾਨੇ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਲਈ ‘ਸਵੱਛ ਭਾਰਤ ਅਭਿਆਨ’, ਮੁਫ਼ਤ ਸੈਨੇਟਰੀ ਪੈਡ, ਖੇਡਾਂ ’ਚ ਮਦਦ ਅਤੇ ਸੈਨਿਕ ਸਕੂਲਾਂ ਦੇ ਦਰਵਾਜ਼ੇ ਬੇਟੀਆਂ ਲਈ ਖੋਲ੍ਹੇ ਗਏ। ਰਸੋਈ ’ਚ ਧੂਏਂ ਤੋਂ ਬਚਾਉਣ ਲਈ ‘ਉੱਜਵਲਾ ਯੋਜਨਾ’, ਪਾਣੀ ਲਈ ‘ਹਰ ਘਰ ਨਲ’ ਅਤੇ 5 ਲੱਖ ਤੱਕ ਮੁਫ਼ਤ ਇਲਾਜ ਲਈ ‘ਆਯੁਸ਼ਮਾਨ ਯੋਜਨਾ’। ਇਨ੍ਹਾਂ ਸਭ ਦਾ ਸਭ ਤੋਂ ਜ਼ਿਆਦਾ ਲਾਭ ਸਾਡੀਆਂ ਭੈਣਾਂ ਅਤੇ ਬੇਟੀਆਂ ਨੂੰ ਹੋ ਰਿਹਾ ਹੈ। ਉੱਥੇ ਹੀ, 3 ਕਰੋੜ ਤੋਂ ਜ਼ਿਆਦਾ ਔਰਤਾਂ ਆਪਣੇ ਘਰ ਦੀਆਂ ਮਾਲਕ ਬਣੀਆਂ ਹਨ।’’

ਮੋਦੀ ਨੇ ਕਿਹਾ ਕਿ ਮੈਂ ਭਾਰਤ ਦੀਆਂ ਸਾਰੀਆਂ ਔਰਤਾਂ ਨੂੰ ਇਕ ਨਵੇਂ ਯੁੱਗ ਦੀ ਸ਼ੁਰੂਆਤ ਦੀ ਵਧਾਈ ਦਿੰਦਾ ਹਾਂ। ਲੋਕਤੰਤਰਿਕ ਢਾਂਚੇ ’ਚ ਔਰਤਾਂ ਨੂੰ ਰਾਖਵਾਂਕਰਨ ਦੇਣ ਦੀ ਲੋੜ ਦਹਾਕਿਆਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਮਹਿਲਾ ਰਾਖਵਾਂਕਰਨ ਬਿੱਲ ’ਤੇ ਵਿਚਾਰ-ਵਟਾਂਦਰੇ ਨੂੰ ਲੱਗਭਗ 40 ਸਾਲ ਬੀਤ ਗਏ। ਇਸ ਵਿੱਚ ਸਾਰੀਆਂ ਪਾਰਟੀਆਂ ਅਤੇ ਕਈ ਪੀੜ੍ਹੀਆਂ ਦੇ ਯਤਨ ਸ਼ਾਮਲ ਹਨ। 2023 ’ਚ ਜਦੋਂ ਇਹ ਐਕਟ ਆਇਆ ਸੀ, ਉਦੋਂ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਇਸ ਨੂੰ ਪਾਸ ਕਰਵਾਇਆ ਸੀ। ਇਕ ਸੁਰ ’ਚ ਇਹ ਗੱਲ ਵੀ ਉੱਠੀ ਸੀ ਕਿ ਇਸ ਨੂੰ ਹਰ ਹਾਲ ’ਚ 2029 ਤੱਕ ਲਾਗੂ ਹੋ ਜਾਣਾ ਚਾਹੀਦਾ ਹੈ।

Read More : ਆਸਟ੍ਰੇਲੀਆਈ ਫ਼ੌਜ ਦੇ ਇਤਿਹਾਸ ‘ਚ ਪਹਿਲੀ ਵਾਰ ਮਹਿਲਾ ਬਣੇਗੀ ‘ਆਰਮੀ ਚੀਫ਼’

Leave a Reply

Your email address will not be published. Required fields are marked *