ਦੇਸ਼-ਵਿਆਪੀ ਹੜਤਾਲ ’ਚ ਹਿੱਸਾ ਲੈ ਕੇ ਆਵਾਜ਼ ਕੀਤੀ ਬੁਲੰਦ
ਪਟਿਆਲਾ, 9 ਜੁਲਾਈ :- ਕੇਂਦਰ ਸਰਕਾਰ ਵੱਲੋਂ ਪੂੰਜੀਪਤੀਆਂ ਦੇ ਦਬਾਅ ਹੇਠ ਦੇਸ਼ ਭਰ ਦੇ ਪਾਵਰ ਸੈਕਟਰ ਸਮੇਤ ਸਮੁੱਚੇ ਪਬਲਿਕ ਸੈਕਟਰ ਨੂੰ ਅੰਨੇਵਾਹ ਨਿੱਜੀ ਹੱਥਾਂ ’ਚ ਦੇਣ ਦੇ ਖਿਲਾਫ਼ ਅਤੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰ ਕੇ 4 ਲੇਬਰ ਕੋਡ ਬਣਾਉਣ ਦੀ ਲੋਕ ਵਿਰੋਧੀ ਨੀਤੀ ਵਿਰੁੱਧ ਕੇਂਦਰੀ ਟਰੇਡ ਯੂਨੀਅਨਾਂ, ਅਾਜ਼ਾਦ ਫੈੱਡਰੇਸ਼ਨਾਂ ਦੇ ਸੱਦੇ ’ਤੇ ਅਤੇ ਸਯੁੰਕਤ ਕਿਸਾਨ ਮੋਰਚੇ ਦੀ ਹਮਾਇਤ ਪ੍ਰਾਪਤ ਅੱਜ ਦੀ ਇਤਿਹਾਸਕ ਦੇਸ਼-ਵਿਆਪੀ ਹੜਤਾਲ ’ਚ ਪਟਿਆਲਾ ਵਿਚ ਲੱਗੇ ਥਾਂ-ਥਾਂ ਧਰਨਿਆਂ ’ਚ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਸ਼ਹਿਰ ਗੂੰਜਾਈ ਰੱਖਿਆ। ਸ਼ਹਿਰ ’ਚ ਕਈ ਥਾਈਂ ਰੋਸ ਮਾਰਚ ਹੋਣ ਕਾਰਨ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਬਿਜਲੀ ਨਿਗਮ ਦੇ ਮੁੱਖ ਦਫਤਰ ਲੱਗੇ ਧਰਨੇ ਦੌਰਾਨ ਬਿਜਲੀ ਕਾਮਿਆਂ ਦੇ ਆਗੂਆਂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਦਵਿੰਦਰ ਸਿੰਘ ਪਿਸ਼ੋਰ, ਬਲਜੀਤ ਸਿੰਘ ਮੋਦਲਾ ਆਦਿ ਨੇ ਕਿਹਾ ਕੇ ਕੇਂਦਰ ਸਰਕਾਰ ਲਗਾਤਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। 44 ਕਿਰਤ ਕਾਨੂੰਨਾਂ ਨੂੰ ਖਤਮ ਕਰ ਕੇ 4 ਲੇਬਰ ਕੋਡ ਬਣਾ ਕੇ ਕੰਮ ਕਰਨ ਦੇ ਘੰਟਿਆਂ ਨੂੰ ਵਧਾਉਣ ਦੀ ਨੀਤੀ ਤਹਿਤ ਪੂੰਜੀਪਤੀਆਂ ਦੇ ਹਿੱਤ ਪਾਲ ਰਹੀ ਹੈ, ਟਰੇਡ ਯੂਨੀਅਨਾਂ ਦੇ ਹੱਕ ਖੋਹ ਕੇ ਮਿਹਨਤਕਸ਼ ਜਮਾਤ ਦੀ ਅਾਵਾਜ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਇਸ ਲੋਕ ਵਿਰੋਧੀ ਨੀਤੀ ਨਾਲ ਸਮੁੱਚੇ ਮੁਲਾਜ਼ਮ, ਮਜ਼ਦੂਰ ਵਰਗ ’ਚ ਰੋਸ ਹੈ।
ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਰਿਹਾ ‘ਚੱਕਾ ਜਾਮ’
ਦੇਸ਼-ਵਿਆਪੀ ਹੜਤਾਲ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਪੀ. ਆਰ. ਟੀ. ਸੀ. ਦੀਆਂ ਬੱਸਾਂ ਮੁਕੰਮਲ ਤੌਰ ’ਤੇ ਬੰਦ ਕਰ ਕੇ ਕਰਮਚਾਰੀਆਂ ਨੇ ਹੜਤਾਲ ਕੀਤੀ।
10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਮੁਲਾਜ਼ਮਾਂ ਵੱਲੋਂ ਹੜਤਾਲ
ਪੋਸਟਲ ਇੰਪਲਾਈਜ਼, ਬਿਜਲੀ ਕਰਮਚਾਰੀ, ਇੰਸ਼ੋਰੈਂਸ, ਐੱਲ. ਆਈ. ਸੀ., ਆਂਗਣਵਾੜੀ ਅਤੇ ਆਸ਼ਾ ਵਰਕਰ ਆਦਿ ਅਦਾਰਿਆਂ ਦੇ ਕਰਮਚਾਰੀ ਨੇ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਰੇਲਵੇ ਸਟੇਸ਼ਨ ਪਟਿਆਲਾ ਪੂਰੇ ਦਿਨ ਦੀ ਹੜਤਾਲ ਸਾਹਮਣੇ ਕੀਤੀ। ਹੜਤਾਲੀ ਕਰਮਚਾਰੀ ਏਟਕ, ਇੰਟਕ, ਸੀਟੂ, ਸੀ. ਟੀ. ਯੂ. ਪੰਜਾਬ, ਇਫਟੂ ਅਤੇ ਫੈੱਡਰੇਸ਼ਨਾਂ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਬੈਂਕ, ਬੀਮਾ, ਐੱਲ. ਆਈ. ਸੀ. ਅਤੇ ਕਈ ਸੇਵਾ ਮੁਕਤ ਕਰਮਚਾਰੀ ਜਥੇਬੰਦੀਆਂ ਦੇ ਵਰਕਰ ਵੀ ਰੈਲੀ ਵਿੱਚ ਸ਼ਾਮਲ ਹੋਏ।
ਸਫਾਈ ਸੇਵਕਾਂ ਨੇ ਨਗਰ ਕੌਂਸਲ ਵਿਖੇ ਕੀਤੀ ਹੜਤਾਲ
ਸਫਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ ਨਗਰ ਕੌਂਸਲ ਸਨੌਰ ਅਤੇ ਦਿ ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਇਕ ਦਿਨ ਕੰਮ ਛੋੜ ਹੜਤਾਲ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਠੇਕਾ ਆਊਟਸੋਰਸ ਬੰਦ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।
ਇਸ ਹੜਤਾਲ ’ਚ ਸਮੂਹ ਦਫਤਰੀ ਕਲੈਰੀਕਲ ਸਟਾਫ ਕੰਪਿਊਟਰ ਆਪਰੇਟਰ ਸੇਵਾਦਾਰ ਚੌਕੀਦਾਰ ਵਾਟਰ ਸਪਲਾਈ ਡਰਾਈਵਰ ਸਾਰੇ ਸਫਾਈ ਕਰਮਚਾਰੀ ਮੌਜੂਦ ਰਹੇ। ਸਫਾਈ ਸੇਵਕ ਐਂਡ ਅਦਰ ਵਰਕ ਯੂਨੀਅਨ ਦੇ ਪ੍ਰਧਾਨ ਨੰਦ ਲਾਲ ਤਾਂਕ ਨੇ ਕਿਹਾ ਕਿ ਜੇਕਰ ਮੰਗਾ ਨਾ ਪੂਰੀਆਂ ਹੋਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
Read More : ਮਾਸੂਮ ਯੁਵੰਸ਼ ਦੀ ਜਾਨ ਬਚਾਉਣ ਲਈ ਪੁਲਿਸ ਹੋਈ ਇਕਜੁੱਟ