ਮੁੱਖ ਮੰਤਰੀ ਤੇ ਮਨੀਸ਼ ਸਿਸੋਦੀਆ ਨੇ ਕੀਤਾ ਰੋਡ ਸ਼ੋਅ
ਤਰਨਤਾਰਨ, 26 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲੋਕਾਂ ਨੇ 2022 ਤੋਂ ਰਵਾਇਤੀ ਪਾਰਟੀਆਂ ਨੂੰ ਸੂਬੇ ’ਚ ਵਾਰ-ਵਾਰ ਨਕਾਰਿਆ ਹੈ। ਐਤਵਾਰ ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ’ਚ ਇਕ ਵਿਸ਼ਾਲ ਰੋਡ ਸ਼ੋਅ ਦੌਰਾਨ ਉਨ੍ਹਾਂ ਕਿਹਾ ਕਿ ‘ਆਪ’ ਇਮਾਨਦਾਰੀ, ਵਿਕਾਸ ਤੇ ਮਾਣ-ਸਨਮਾਨ ਦੀ ਰਾਜਨੀਤੀ ਕਰਦੀ ਹੈ, ਲਾਲਚ ਜਾਂ ਸੱਤਾ ਦੀ ਨਹੀਂ। ਇਸ ਮੌਕੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਮੌਜੂਦ ਸਨ।
ਰੋਡ ਸ਼ੋਅ ਬਾਲਾ ਚੱਕ, ਗੋਹਲਵਾੜ, ਕੋਟ ਦਸੰਧੀ ਮੱਲ, ਪੰਡੋਰੀ ਸਿੱਧਵਾਂ, ਮੰਨਣ, ਖੈਰਦਿਨਕੇ, ਠੱਠਗੜ੍ਹ, ਜਗਤਪੁਰਾ ਤੇ ਢੰਡ ਸਮੇਤ ਕਈ ਪਿੰਡਾਂ ’ਚੋਂ ਲੰਘਿਅਾ ਜਿੱਥੇ ਹਜ਼ਾਰਾਂ ਲੋਕਾਂ ਨੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਆਪ ਜ਼ਿੰਦਾਬਾਦ’ ਦੇ ਨਾਅਰੇ ਲਾਏ।
ਮਾਨ ਨੇ ਕਿਹਾ ਕਿ ਇਹ ਉਪ ਚੋਣ ਸਿਰਫ਼ ਇਕ ਵਿਧਾਇਕ ਚੁਣਨ ਬਾਰੇ ਨਹੀਂ ਹੈ। ਇਹ ਤਰਨਤਾਰਨ ਦੇ ਭਵਿੱਖ ਨੂੰ ਚੁਣਨ ਬਾਰੇ ਹੈ। ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲ ਦਿੱਤੀ ਹੈ। ਝੂਠੇ ਵਾਅਦਿਆਂ ਅਤੇ ਭਾਈ-ਭਤੀਜਾਵਾਦ ਦਾ ਯੁੱਗ ਖਤਮ ਹੋ ਗਿਆ ਹੈ। ਹੁਣ ਪੰਜਾਬ ਇਮਾਨਦਾਰ ਰਾਜ ਤੇ ਵਿਕਾਸ ਲਈ ਖੜ੍ਹਾ ਹੈ। ‘ਆਪ’ ਦਾ ਰਾਜ ਮੁਫ਼ਤ ਬਿਜਲੀ, ਗਰੀਬਾਂ ਨੂੰ ਰਾਸ਼ਨ, ਸਿੱਖਿਆ ਤੇ ਸਿਹਤ ਸੰਭਾਲ ’ਚ ਸੁਧਾਰ ਕਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਬਾਰੇ ਹੈ।
ਉਨ੍ਹਾਂ ਕਿਹਾ ਕਿ ਮੈਂ ਇੱਥੇ ਭਾਸ਼ਣ ਦੇਣ ਲਈ ਨਹੀਂ ਸਗੋਂ ਸੇਵਾ ਕਰਨ ਲਈ ਆਇਅਾ ਹਾਂ। ਵਿਰੋਧੀ ਪਾਰਟੀਆਂ ’ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਜਿਨ੍ਹਾਂ ਨੇ ਕਦੇ ਪੰਜਾਬ ’ਤੇ ਰਾਜ ਕੀਤਾ, ਨੇ ਪੰਜ ਸਾਲ ਆਪਣੇ ਆਪ ਨੂੰ ਚੰਡੀਗੜ੍ਹ ’ਚ ਬੰਗਲਿਆਂ ਤਕ ਸੀਮਤ ਕਰ ਲਿਆ। ਉਨ੍ਹਾਂ ਕਦੇ ਵੀ ਲੋਕਾਂ ਦੇ ਦਰਦ ਦੀ ਪਰਵਾਹ ਨਹੀਂ ਕੀਤੀ। ਉਹ ਸਿਰਫ਼ ਆਪਣੇ ਪਰਿਵਾਰਾਂ ਬਾਰੇ ਸੋਚਦੇ ਹਨ, ਪੰਜਾਬ ਬਾਰੇ ਨਹੀਂ।
ਉਨ੍ਹਾਂ ਕਿਹਾ ਕਿ ਹੁਣ ਇਹ ਲੋਕ ਫਿਰ ਤੁਹਾਡੇ ਨਾਲ ਹੱਥ ਮਿਲਾਉਣ ਲਈ ਆਉਣਗੇ। ਹੱਥ ਮਿਲਾਉਣ ਤੋਂ ਬਾਅਦ ਆਪਣੀਆਂ ਉਂਗਲਾਂ ਗਿਣ ਲੈਣਾ ਨਹੀਂ ਤਾਂ ਉਹ ਵੀ ਚੋਰੀ ਹੋ ਜਾਣਗੀਆਂ!
2022 ਦੀਆਂ ਵਿਧਾਨ ਸਭਾ ਚੋਣਾਂ ਤੇ ਉਸ ਤੋਂ ਬਾਅਦ ਦੀਆਂ ਉਪ ਚੋਣਾਂ ’ਚ ‘ਆਪ’ ਦੀਆਂ ਲਗਾਤਾਰ ਜਿੱਤਾਂ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ 2022 ’ਚ ਇਤਿਹਾਸਕ ਫਤਵਾ ਦਿੱਤਾ। ਉਸ ਤੋਂ ਬਾਅਦ ਹਰ ਉਪ ਚੋਣ ’ਚ ਭ੍ਰਿਸ਼ਟ ਤੇ ਟੱਬਰਵਾਦੀ ਪਾਰਟੀਆਂ ਨੂੰ ਰੱਦ ਕਰਨਾ ਜਾਰੀ ਰੱਖਿਆ ਹੈ। ਤਰਨਤਾਰਨ ਇਕ ਵਾਰ ਫਿਰ ਸਾਬਤ ਕਰੇਗਾ ਕਿ ਲੋਕ ‘ਕੰਮ ਦੀ ਰਾਜਨੀਤੀ’ ਚਾਹੁੰਦੇ ਹਨ।
‘ਅਾਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਲੋਕ ‘ਆਪ’ ਦੀ ਸਰਕਾਰ ਦੇ ਨਾਲ-ਨਾਲ ‘ਆਪ’ ਦੇ ਵਿਧਾਇਕ ਨੂੰ ਚੁਣਦੇ ਹਨ ਤਾਂ ਵਿਕਾਸ ਦੁੱਗਣਾ ਹੋ ਜਾਂਦਾ ਹੈ।
Read More : ਸਰਹੱਦੀ ਪਿੰਡਾਂ ’ਚੋਂ ਡਰੋਨ ਰਾਹੀਂ ਸੁੱਟੀ 8 ਕਰੋੜ ਦੀ ਹੈਰੋਇਨ ਬਰਾਮਦ
