ਘਨੌਰ ’ਚ ਉਤਰਿਆ ਘੱਗਰ ਦਾ ਪਾਣੀ, ਦੇਵੀਗੜ੍ਹ ਨੇੜੇ ਟਾਂਗਰੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਤੇ ਮਾਰਕੰਡਾ ਵੀ ਨੱਕੋ-ਨੱਕ ਭਰਿਆ
ਪਟਿਆਲਾ, 9 ਸਤੰਬਰ : ਹਰਿਆਣਾ ਦੇ ਬੀਬੀਪੁਰ ਝੀਲ ’ਚੋਂ ਮਾਰਕੰਡੇ ਦਾ ਪਾਣੀ ਲੈ ਕੇ ਚੱਲਦੇ ਪਾੜੇ (ਡਰੇਨ), ਜਿਸ ਨੂੰ ਕਿ ਸਾਗਰਾਪਾੜਾ ਤੇ ਘੱਗਰ ਦੀ ਸਹਾਇਕ ਨਦੀ ਕਿਹਾ ਜਾਂਦਾ ਹੈ, ਵਿਚ ਅੱਜ ਸ਼ਾਮ ਪਿੰਡ ਸਾਗਰਾ ਨੇੜੇ ਪਾੜ ਪੈ ਗਿਆ ਸੀ। ਇਸ ਨੂੰ ਪੂਰਨ ਲਈ ਡਰੇਨੇਜ਼ ਵਿਭਾਗ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਤੁਰੰਤ ਪੂਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਨਾਲ ਵੱਡੀ ਹੋਣੀ ਹੋੋਣੋਂ ਬਚ ਗਈ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਘਨੌਰ ਇਲਾਕੇ ’ਚੋਂ ਘੱਗਰ ਦਾ ਪਾਣੀ ਉਤਰ ਗਿਆ ਹੈ। ਸਰਾਲਾ ਹੈੱਡ ’ਤੇ ਹੁਣ 8 ਫੁੱਟ ’ਤੇ ਪਾਣੀ ਵਹਿ ਰਿਹਾ ਹੈ ਅਤੇ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਾਂਗਰੀ ਤੇ ਮਾਰਕੰਡਾ ਨਦੀਆਂ ਅਜੇ ਵੀ ਆਪਣੇ ਖ਼ਤਰੇ ਨਿਸ਼ਾਨ ਤੋਂ ਢਾਈ ਫੁੱਟ ਦੇ ਕਰੀਬ ਉੱਪਰ ਚੱਲ ਰਹੀਆਂ ਹਨ। ਜਦੋਂਕਿ ਸ਼ੁਤਰਾਣਾ ਹਲਕੇ ’ਚ ਵੀ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਕਰ ਕੇ ਪ੍ਰਸ਼ਾਸਨ ਪੂਰਾ ਮੁਸਤੈਦ ਹੈ। ਜਿੱਥੇ ਕਿਤੇ ਬੰਨ੍ਹ ਕਮਜ਼ੋਰ ਪੈਂਦੇ ਹਨ, ਉੱਥੇ ਡਰੇਨੇਜ ਵਿਭਾਗ ਦੇ ਮਜ਼ਦੂਰਾਂ, ਇਲਾਕੇ ਦੇ ਲੋਕਾਂ ਤੇ ਫ਼ੌਜ ਦੀ ਮਦਦ ਨਾਲ ਤੁਰੰਤ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਰਿਆਣਾ ਦੇ ਬੀਬੀਪੁਰ ਝੀਲ ’ਚੋਂ ਮਾਰਕੰਡੇ ਦਾ ਪਾਣੀ ਲੈ ਕੇ ਚੱਲਦੇ ਪਾੜੇ (ਡਰੇਨ), ਜਿਸ ਨੂੰ ਕਿ ਸਾਗਰਾਪਾੜਾ ਤੇ ਘੱਗਰ ਦੀ ਸਹਾਇਕ ਨਦੀ, ਕਿਹਾ ਜਾਂਦਾ ਹੈ, ਵਿਚ ਅੱਜ ਸ਼ਾਮ ਪਿੰਡ ਸਾਗਰਾ ਨੇੜੇ ਪਾੜ ਪੈ ਗਿਆ ਸੀ। ਇਸ ਨੂੰ ਪੂਰਨ ਲਈ ਡਰੇਨੇਜ਼ ਵਿਭਾਗ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਤੁਰੰਤ ਪੂਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਵਸਨੀਕਾਂ ਦਾ ਤੁਰੰਤ ਸਹਾਇਤਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਾਤੜਾਂ ਦੇ ਐੱਸ. ਡੀ. ਐੱਮ. ਅਸ਼ੋਕ ਕੁਮਾਰ, ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਸਥਾਨਕ ਲੋਕਾਂ ਦੀ ਹੱਲਾਸ਼ੇਰੀ ਕਰ ਕੇ ਇਸ ਪਾੜ ਨੂੰ ਪੂਰ ਕੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਹੈ। ਹੁਣ ਨੇੜਲੀਆਂ ਫ਼ਸਲਾਂ ਤੇ ਪਿੰਡ ਸੁਰੱਖਿਅਤ ਹਨ।
ਪਿੰਡ ਬੁੱਧਮੋਰ, ਜੋਧਪੁਰ, ਸਾਦਿਕਪੁਰ ਵੀਰਾਂ ਤੇ ਮਹਿਮੂਦਪੁਰ ਰੁੜਕੀ ਦੇ ਵਸਨੀਕ ਰਹਿਣ ਸਾਵਧਾਨ!
ਉਨ੍ਹਾਂ ਕਿਹਾ ਕਿ ਮਾਰਕੰਡਾ ਨਦੀ ’ਚ ਪਾਣੀ ਖ਼ਤਰੇ ਤੋਂ ਉੱਪਰ ਵਹਿਣ ਕਰ ਕੇ ਪਿੰਡ ਬੁੱਧਮੋਰ, ਜੋਧਪੁਰ, ਸਾਦਿਕਪੁਰ ਵੀਰਾਂ ਤੇ ਮਹਿਮੂਦਪੁਰ ਰੁੜਕੀ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਸਲਾਹ ਦਿੱਤੀ ਗਈ ਹੈ ਕਿ ਪਾਣੀ ਦੇ ਤੇਜ਼ ਵਹਾਅ ਨੇੜੇ ਬੱਚਿਆਂ ਨੂੰ ਨਾ ਜਾਣ ਦੇਣ ਤੇ ਨਾ ਹੀ ਆਪ ਜਾਣ ਅਤੇ ਮਵੇਸ਼ੀਆਂ ਨੂੰ ਵੀ ਪਾਣੀ ਨੇੜੇ ਨਾ ਲੈ ਕੇ ਜਾਣ। ਇਲਾਕੇ ਦੇ ਸਾਰੇ ਪਾਣੀ ਤੋਂ ਪ੍ਰਭਾਵਿਤ ਪਿੰਡਾਂ ’ਚ ਪਾਣੀ ਦੀ ਪਾਈਪਲਾਈਨ ਦਾ ਨਿਰੀਖਣ ਕਰਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।
ਪਾਣੀ ਦੇ ਲਏੇ ਗਏ ਸੈਂਪਲ
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਦੇ ਐੱਸ. ਡੀ. ਐੱਮ. ਹਰਜੋਤ ਕੌਰ ਮਾਵੀ ਦੀ ਟੀਮ ਵੱਲੋਂ ਧਰਮਹੇੜੀ, ਉਲਟਪੁਰ, ਮਹਿਮੂਦਪੁਰ, ਬਡਲੀ, ਸੱਸਾ ਗੁੱਜਰਾਂ, ਸੱਸੀ ਬ੍ਰਾਹਮਣਾ ਤੇ ਹਰੀ ਨਗਰ ਖੇੜਕੀ ’ਚੋਂ ਪਾਣੀ ਦੇ ਸੈਂਪਲ ਲਏ ਗਏ ਹਨ।
ਇਸ ਤੋਂ ਬਿਨ੍ਹਾਂ ਘੱਗਰ ਦੇ ਪਾਣੀ ਦੀ ਮਾਰ ਵਾਲੇ ਪਿੰਡਾਂ ਧਰਮੇੜੀ ਤੇ ਸੱਸੀ ਬ੍ਰਹਾਮਣਾ ਆਦਿ ਵਿਖੇ ਪ੍ਰਸ਼ਾਸਨ ਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਵੱਲੋਂ ਪਸ਼ੂਆਂ ਲਈ ਚਾਰਾ ਤੇ ਹੋਰ ਲੋੜੀਂਦੀਆਂ ਵਸਤੂਆਂ ਭੇਜੀਆਂ ਜਾ ਰਹੀਆਂ ਹਨ। ਜਦਕਿ ਸਮਾਣਾ ਦੇ ਐੱਸ. ਡੀ. ਐੱਮ. ਰਿਚਾ ਗੋਇਲ ਵੱਲੋਂ ਵੀ ਆਪਣੀ ਟੀਮ ਨਾਲ ਲਗਾਤਾਰ ਪਿੰਡਾਂ ’ਚ ਪਾਣੀ ਤੋਂ ਬਚਾਅ ਲਈ ਯਤਨ ਨਿਰੰਤਰ ਜਾਰੀ ਹਨ।
ਡਾ. ਪ੍ਰੀਤੀ ਯਾਦਵ ਨੇ ਘੱਗਰ ਤੇ ਟਾਂਗਰੀ, ਮਾਰਕੰਡਾ ਨਦੀਆਂ ਨੇੜਲੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਉਹ ਚੈਨ ਦੀ ਨੀਂਦ ਸੌਣ, ਕਿਉਂਕਿ ਪ੍ਰਸ਼ਾਸਨ ਪੂਰਾ ਮੁਸਤੈਦ ਹੈ। ਨਦੀਆਂ ਦੇ ਪਾਣੀ ਉੱਪਰ ਨਿਰੰਤਰ ਬਾਜ ਨਜ਼ਰ ਰੱਖੀ ਜਾ ਰਹੀ ਹੈ।
Read More : ਪੁਲਿਸ ਮੁਕਾਬਲੇ ’ਚ ਗੋਲੀ ਲੱਗਣ ਕਾਰਨ ਦਵਿੰਦਰ ਬਾਜਾ ਜ਼ਖਮੀ