IPL 2026: ਪੰਜਾਬ ਕਿੰਗਜ਼ ਨੇ ਚੇਨਈ ਦੇ ਗੜ੍ਹ ‘ਚ 210 ਦੌੜਾਂ ਦਾ ਵਿਸ਼ਾਲ ਟੀਚਾ ਕੀਤਾ ਸਰ; 5 ਵਿਕਟਾਂ ਨਾਲ ਦਰਜ ਕੀਤੀ ਇਤਿਹਾਸਕ ਜਿੱਤ
ਚੇਨਈ, 3 ਮਾਰਚ : ਇੰਡੀਅਨ ਪ੍ਰੀਮੀਅਰ ਲੀਗ 2026 ਦੇ 7ਵੇਂ ਮੈਚ ਵਿਚ ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ (PBKS) ਨੇ ਚੇਨਈ ਸੁਪਰ ਕਿੰਗਜ਼ (CSK) ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ‘ਤੇ 5 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਵਿਚ ਖੇਡੇ ਗਏ ਇਸ ਹਾਈ-ਸਕੋਰਿੰਗ ਮੁਕਾਬਲੇ ਵਿਚ ਪੰਜਾਬ ਨੇ ਚੇਨਈ ਵੱਲੋਂ ਦਿੱਤੇ ਗਏ 210 ਦੌੜਾਂ ਦੇ ਵਿਸ਼ਾਲ ਟੀਚੇ ਨੂੰ ਸਫ਼ਲਤਾਪੂਰਵਕ ਹਾਸਲ ਕਰ ਲਿਆ।
ਚੇਨਈ ਦੀ ਪਾਰੀ : ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਸੁਪਰ ਕਿੰਗਜ਼ ਨੇ 5 ਵਿਕਟਾਂ ਦੇ ਨੁਕਸਾਨ ‘ਤੇ 209 ਦੌੜਾਂ ਬਣਾਈਆਂ। ਹਾਲਾਂਕਿ ਸੰਜੂ ਸੈਮਸਨ (7) ਜਲਦੀ ਆਊਟ ਹੋ ਗਏ, ਪਰ ਕਪਤਾਨ ਰੁਤੂਰਾਜ ਗਾਇਕਵਾੜ (28) ਅਤੇ ਨੌਜਵਾਨ ਬੱਲੇਬਾਜ਼ ਆਯੂਸ਼ ਮਹਾਤਰੇ ਨੇ ਦੂਜੀ ਵਿਕਟ ਲਈ 96 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਮਹਾਤਰੇ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 43 ਗੇਂਦਾਂ ਵਿਚ 73 ਦੌੜਾਂ ਬਣਾਈਆਂ।
ਅੰਤ ਵਿੱਚ ਸਰਫਰਾਜ਼ ਖਾਨ ਨੇ ਮਹਿਜ਼ 12 ਗੇਂਦਾਂ ਵਿੱਚ 32 ਅਤੇ ਸ਼ਿਵਮ ਦੁਬੇ ਨੇ 27 ਗੇਂਦਾਂ ਵਿੱਚ 45 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਪੰਜਾਬ ਲਈ ਵਿਜੇ ਕੁਮਾਰ ਵੈਸ਼ਾਕ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਪੰਜਾਬ ਦਾ ਜਵਾਬੀ ਹਮਲਾ : 210 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਬੇਹੱਦ ਤੂਫ਼ਾਨੀ ਰਹੀ। ਪ੍ਰਿਆਂਸ਼ ਆਰੀਆ ਨੇ ਮਹਿਜ਼ 11 ਗੇਂਦਾਂ ਵਿਚ 39 ਦੌੜਾਂ ਬਣਾ ਕੇ ਚੇਨਈ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾ ਦਿੱਤਾ, ਜਦਕਿ ਪ੍ਰਭਸਿਮਰਨ ਸਿੰਘ ਨੇ 43 ਦੌੜਾਂ ਦਾ ਯੋਗਦਾਨ ਪਾਇਆ।
ਮੱਧਕ੍ਰਮ ਵਿਚ ਕੂਪਰ ਕੋਨੋਲੀ ਨੇ 36 ਦੌੜਾਂ ਬਣਾਈਆਂ। ਮੈਚ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਉਣ ਵਿਚ ਕਪਤਾਨ ਸ਼੍ਰੇਅਸ ਅਈਅਰ ਨੇ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਨੇ ਮਹਿਜ਼ 27 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਕੁੱਲ 50 ਦੌੜਾਂ ਬਣਾਈਆਂ।
ਬਰਾਬਰੀ ਦਾ ਰਿਕਾਰਡ : ਇਸ ਜਿੱਤ ਨਾਲ ਆਈਪੀਐਲ ਇਤਿਹਾਸ ਵਿੱਚ ਚੇਨਈ ਅਤੇ ਪੰਜਾਬ ਵਿਚਕਾਰ ਮੁਕਾਬਲਿਆਂ ਦਾ ਰਿਕਾਰਡ ਹੁਣ 16-16 ਦੀ ਬਰਾਬਰੀ ‘ਤੇ ਆ ਗਿਆ ਹੈ। ਪੰਜਾਬ ਕਿੰਗਜ਼ ਨੇ ਇਸ ਜਿੱਤ ਨਾਲ ਟੂਰਨਾਮੈਂਟ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ, ਜਦਕਿ ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
Read More : ਰਾਜਾ ਰਵੀ ਵਰਮਾ ਦੀ ਪੇਂਟਿੰਗ ‘ਯਸ਼ੋਦਾ ਅਤੇ ਕ੍ਰਿਸ਼ਨਾ’ ਨੇ ਬਣਾਇਆ ਵਿਸ਼ਵ ਰਿਕਾਰਡ
