ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ
ਗੁਰਦਾਸਪੁਰ, 23 ਜੂਨ :-ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ. ਡੀ. ਪੀ. ਓ.) ਦਫ਼ਤਰ, ਗੁਰਦਾਸਪੁਰ ਵਿਖੇ ਤਾਇਨਾਤ ਬਲਾਕ ਸੰਮਤੀ ਪਟਵਾਰੀ ਨਿਸ਼ਾਨ ਸਿੰਘ ਨੂੰ 20000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਦੀ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੱਸਿਆ ਕਿ ਉਹ ਗ੍ਰਾਮ ਪੰਚਾਇਤ ਬੱਬਰੀ ਨੰਗਲ ਦੀ ਮੌਜੂਦਾ ਪੰਚਾਇਤ ਮੈਂਬਰ ਹੈ ਅਤੇ ਉਸ ਦਾ ਪਤੀ ਪਿਛਲੇ 50 ਸਾਲਾਂ ਤੋਂ ਪਿੰਡ ਦੀ ਸ਼ਾਮਲਾਤ ਦੀ ਕੁੱਲ 25 ਏਕੜ ਜ਼ਮੀਨ ’ਚੋਂ ਲਗਭਗ 22 ਕਨਾਲ ਅਤੇ 11 ਮਰਲੇ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ ਅਤੇ ਉਕਤ ਜ਼ਮੀਨ ਦੀ ਜ਼ਮੀਨੀ ਮਾਲਕੀ (ਗਿਰਦਾਵਰੀ) ਵੀ ਉਸ ਦੇ ਨਾਮ ’ਤੇ ਹੀ ਦਰਜ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਕ ਸ਼ਿਕਾਇਤ ਦੇ ਆਧਾਰ ’ਤੇ ਬੀ. ਡੀ. ਪੀ. ਓ. ਦਫ਼ਤਰ ਨੇ ਉਸ ਨੂੰ ਇਸ ਸਬੰਧ ’ਚ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਉਸ ਨੇ ਆਪਣੇ ਪਿੰਡ ਦੇ ਮੌਜੂਦਾ ਸਰਪੰਚ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਬੇਨਤੀ ਕੀਤੀ ਸੀ ਪਰ ਉਕਤ ਨਿਸ਼ਾਨ ਸਿੰਘ ਸੰਮਤੀ ਪਟਵਾਰੀ ਨੇ ਆਪਣੇ ਵਿਭਾਗ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਲਈ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਨਿਸ਼ਾਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਪੁਲਸ ਥਾਣਾ ਅੰਮ੍ਰਿਤਸਰ ਰੇਂਜ ’ਚ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ।
Read More : ਕੁੱਤਿਆਂ ਦੀ ਦੌੜ ’ਚ ਝਗੜੇ ਨੂੰ ਲੈ ਕੇ ਨੌਜਵਾਨ ਮਾਰਤਾ
